ਅਮਰੀਕੀ ਪ੍ਰਤੀਨਿਧੀ ਸਭਾ ਵੱਲੋਂ ‘ਡਿਲੀਵਰਿੰਗ ਫਾਰ ਅਮਰੀਕਾ ਐਕਟ’ ਪਾਸ

599
Share

-ਟਰੰਪ ਵੱਲੋਂ ਅਮਰੀਕੀ ਡਾਕ ਸੇਵਾ ਰਾਹੀਂ ਵੋਟਿੰਗ ਨਾ ਕਰਵਾਉਣ ਦੀ ਪਹਿਲਾਂ ਕੀਤੀ ਗਈ ਸੀ ਮੰਗ
ਵਾਸ਼ਿੰਗਟਨ, 24 ਅਗਸਤ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਵਾਲੀ ਅਮਰੀਕੀ ਪ੍ਰਤੀਨਿਧੀ ਸਭਾ ਨੇ ਸ਼ਨਿੱਚਰਵਾਰ ਨੂੰ ‘ਡਿਲੀਵਰਿੰਗ ਫਾਰ ਅਮਰੀਕਾ ਐਕਟ’ ਪਾਸ ਕੀਤਾ। ਬਿੱਲ ਨਾ ਕੇਵਲ ਹਾਲ ਹੀ ਵਿਚ ਡਾਕ ਸੇਵਾ ‘ਚ ਹੋਈ ਤਬਦੀਲੀ ਨੂੰ ਪਲਟ ਦੇਵੇਗਾ, ਸਗੋਂ ਇਸ ਵਿਚ ਵਿਭਾਗ ਨੂੰ 25 ਅਰਬ ਡਾਲਰ ਦੀ ਰਾਸ਼ੀ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਬਿੱਲ ਦੇ ਪੱਖ ਵਿਚ 257 ਵੋਟ ਅਤੇ ਵਿਰੋਧ ਵਿਚ 150 ਵੋਟ ਪਏ। ਰਿਪਬਲਿਕਨ ਪਾਰਟੀ ਦੇ 24 ਤੋਂ ਵਧ ਐੱਮਪੀਜ਼ ਨੇ ਰਾਸ਼ਟਰਪਤੀ ਦੇ ਰੁਖ਼ ਦੇ ਉਲਟ ਬਿੱਲ ਦੇ ਪੱਖ ‘ਚ ਵੋਟ ਪਾਏ। ਇਹ ਬਿੱਲ ਪ੍ਰਤੀਨਿਧੀ ਸਭਾ ਤੋਂ ਤਾਂ ਪਾਸ ਹੋ ਗਿਆ ਹੈ ਪ੍ਰੰਤੂ ਇਹ ਗਰੈਂਡ ਓਲਡ ਪਾਰਟੀ (ਜੀ.ਓ.ਪੀ.) ਜਾਂ ਰਿਪਬਲਿਕਨ ਦੇ ਬਹੁਮਤ ਵਾਲੇ ਸੈਨੇਟ ਵਿਚ ਰੁੱਕ ਸਕਦਾ ਹੈ। ਰਿਪਬਲਿਕਨ ਆਗੂ ਮਿਕ ਮੈਕਕੋਨਲ ਨੇ ਇਕ ਬਿਆਨ ‘ਚ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਨੂੰ ਕਦੇ ਵੀ ਪਾਸ ਨਹੀਂ ਹੋਣ ਦੇਵੇਗੀ। ਉਧਰ, ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਨੂੰ ਇਸ ਮੁੱਦੇ ‘ਤੇ ਵੀਟੋ ਕਰਨ ਦੀ ਸਿਫ਼ਾਰਸ਼ ਕਰਨਗੇ। ਸਪੀਕਰ ਨੈਂਸੀ ਪੇਲੋਸੀ ਨੇ ਰਿਪਬਲਿਕਨ ਦੇ ਇਤਰਾਜ਼ਾਂ ਤੋਂ ਐੱਮ.ਪੀਜ਼ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਸਟੰਟ ਦੱਸ ਕੇ ਖਾਰਜ ਕਰ ਦਿੱਤਾ। ਇਸ ਤੋਂ ਪਹਿਲੇ ਸ਼ਨਿੱਚਰਵਾਰ ਨੂੰ ਕੀਤੇ ਗਏ ਇਕ ਟਵੀਟ ‘ਚ ਟਰੰਪ ਨੇ ਡਾਕ ਰਾਹੀਂ ਵੋਟਿੰਗ ਨਾ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਹੈ ਕਿ ਉਹ ਡਾਕ ਸੇਵਾ ਲਈ ਵਧੀਕ ਧਨ ਰਾਸ਼ੀ ਨਹੀਂ ਦੇਣਾ ਚਾਹੁੰਦੇ ਹਨ। ਪੇਲੋਸੀ ਨੇ ਸੰਸਦ ਵਿਚ ਕਿਹਾ ਕਿ ਰਾਸ਼ਟਰਪਤੀ ਜੋ ਕਹਿ ਰਹੇ ਹਨ, ਉਸ ‘ਤੇ ਧਿਆਨ ਨਾ ਦਿਉ ਕਿਉਂਕਿ ਇਹ ਸਭ ਵੋਟਿੰਗ ਨੂੰ ਦਬਾਉਣ ਲਈ ਹੈ। ਪੇਲੋਸੀ ਨੇ ਡਾਕ ਸੇਵਾ ਨੂੰ ਅਮਰੀਕੀ ਲੋਕਾਂ ਨੂੰ ਜੋੜਨ ਵਾਲਾ ਦੇਸ਼ ਦਾ ਖ਼ੂਬਸੂਰਤ ਧਾਗਾ ਦੱਸਦਿਆਂ ਕਿਹਾ ਕਿ ਵੋਟਰਾਂ ਨੂੰ ਰਾਸ਼ਟਰਪਤੀ ਦੀਆਂ ਚਿਤਾਵਨੀਆਂ ਦੀ ਅਣਦੇਖੀ ਕਰਨੀ ਚਾਹੀਦੀ ਹੈ। ਅਮਰੀਕਾ ‘ਚ ਕੋਰੋਨਾ ਕਾਰਨ ਡੈਮੋਕ੍ਰੇਟਿਕ ਪਾਰਟੀ ਡਾਕ ਰਾਹੀਂ ਵੋਟਿੰਗ ‘ਤੇ ਜ਼ੋਰ ਦੇ ਰਹੀ ਹੈ। ਵਿਰੋਧੀ ਧਿਰ ਦੀ ਇਸ ਮੰਗ ਦਾ ਰਾਸ਼ਟਰਪਤੀ ਟਰੰਪ ਵਿਰੋਧ ਕਰ ਰਹੇ ਹਨ। ਇਹੀ ਕਾਰਨ ਹੈ ਕਿ ਟਰੰਪ ਨੇ ਡੈਮੋਕ੍ਰੇਟਸ ਦੀ ਇਸ ਮੰਗ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ ਵਿਚ ਪੋਸਟਲ ਸਰਵਿਸ ਸੇਵਾ ਲਈ ਜ਼ਿਆਦਾ ਪੈਸਿਆਂ ਦੀ ਗੱਲ ਕਹੀ ਗਈ ਸੀ। ਵਿਰੋਧੀ ਟਰੰਪ ‘ਤੇ ਇਹ ਦੋਸ਼ ਲਗਾ ਰਹੇ ਹਨ ਕਿ ਉਹ ਪੋਸਟਲ ਸਰਵਿਸ ਸੇਵਾ ਨੂੰ ਕਮਜ਼ੋਰ ਕਰ ਰਹੇ ਹਨ, ਤਾਂਕਿ ਵਿਰੋਧੀ ਉਨ੍ਹਾਂ ਖ਼ਿਲਾਫ਼ ਵੋਟ ਨਹੀਂ ਪਾ ਸਕੇ। ਉਧਰ, ਟਰੰਪ ਵੱਲੋਂ ਨਿਯੁਕਤ ਪੋਸਟਮਾਸਟਰ ਜਨਰਲ ਲੁਈਸ ਡੇਜਾਏ ਨੇ ਸੂਬਿਆਂ ਨੂੰ ਕਿਹਾ ਸੀ ਕਿ ਉਹ ਇਸ ਦੀ ਗਾਰੰਟੀ ਨਹੀਂ ਲੈ ਸਕਦਾ ਕਿ ਰਾਸ਼ਟਰਪਤੀ ਚੋਣ ਵਿਚ ਸਾਰੇ ਡਾਕ ਵੋਟ ਪੱਤਰ ਗਿਣਤੀ ਲਈ ਸਮੇਂ ‘ਤੇ ਪਹੁੰਚ ਜਾਣਗੇ। ਕਈ ਸੂਬਿਆਂ ਦੇ ਵੋਟਰਾਂ ਅਤੇ ਐੱਮ.ਪੀਜ਼ ਨੇ ਸ਼ਿਕਾਇਤ ਕੀਤੀ ਕਿ ਕੁਝ ਥਾਵਾਂ ‘ਤੇ ਲੱਗੀਆਂ ਡਾਕ ਪੇਟੀਆਂ ਨੂੰ ਹਟਾਇਆ ਜਾ ਰਿਹਾ ਹੈ।


Share