#AMERICA

ਅਮਰੀਕੀ ਦੂਤਘਰ ਦੀ ਕਾਰਵਾਈ ‘ਚ ਫਸੇ ਪੰਜਾਬ ਦੇ ਨਾਮੀ ਏਜੰਟ

-7 ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
ਵਾਸ਼ਿੰਗਟਨ, 18 ਸਤੰਬਰ (ਪੰਜਾਬ ਮੇਲ)- ਯੂ.ਐੱਸ. ਅੰਬੈਸੀ ਨੇ ਪੰਜਾਬ ਦੇ ਵੀਜ਼ਾ ਏਜੰਟਾਂ ਵਿਰੁੱਧ ਇਕ ਵੱਡੇ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਇਨ੍ਹਾਂ ਏਜੰਟਾਂ ‘ਤੇ ਅਮਰੀਕੀ ਵੀਜ਼ਾ ਲਈ ਜਾਅਲੀ ਕੰਮ ਦੇ ਤਜ਼ਰਬੇ ਅਤੇ ਸਿੱਖਿਆ ਸਰਟੀਫਿਕੇਟ ਜਮ੍ਹਾਂ ਕਰਾਉਣ ਦਾ ਦੋਸ਼ ਹੈ, ਤਾਂ ਜੋ ਅਮਰੀਕੀ ਸਰਕਾਰ ਨੂੰ ਗੁੰਮਰਾਹ ਕੀਤਾ ਜਾ ਸਕੇ। ਪੰਜਾਬ ਦੀਆਂ ਕੁਝ ਨਿੱਜੀ ਕੰਪਨੀਆਂ ਦੇ ਮਾਲਕਾਂ ‘ਤੇ ਵੀ ਜਾਅਲੀ ਸਰਟੀਫਿਕੇਟ ਜਾਰੀ ਕਰਨ ਦੇ ਦੋਸ਼ ਲੱਗੇ ਹਨ। ਇਹ ਏਜੰਟ ਅਮਰੀਕੀ ਦੂਤਘਰ ਅਤੇ ਸਰਕਾਰ ਨੂੰ ਧੋਖਾ ਦੇਣ ਲਈ ਗਲਤ ਸੂਚਨਾਵਾਂ ਦਿੰਦੇ ਸਨ। ਅਮਰੀਕੀ ਦੂਤਘਰ ਦੇ ਅਧਿਕਾਰੀ ਐਰਿਕ ਸੀ ਮੋਲੀਟਰਸ ਨੇ ਇਸ ਸਬੰਧ ਵਿਚ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਸ਼ਿਕਾਇਤ ਭੇਜੀ ਸੀ, ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ।
ਸ਼ਿਕਾਇਤ ਵਿਚ ”ਰੈੱਡ ਲੀਫ ਇਮੀਗ੍ਰੇਸ਼ਨ”, ”ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟਸ” ਅਤੇ ਹੋਰ ਕੰਪਨੀਆਂ ਦੇ ਨਾਮ ਸਾਹਮਣੇ ਆਏ ਹਨ। ਅਮਰੀਕੀ ਦੂਤਘਰ ਨੇ ਪੰਜਾਬ ਪੁਲਿਸ ਤੋਂ ਇਨ੍ਹਾਂ ਸਾਰਿਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਇਸ ਗੱਲ ਦੀ ਹੋਰ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਏਜੰਟਾਂ ਨੇ ਕਿੰਨੀਆਂ ਜਾਅਲੀ ਵੀਜ਼ਾ ਅਰਜ਼ੀਆਂ ਬਣਾਈਆਂ ਹਨ ਅਤੇ ਇਨ੍ਹਾਂ ਵਿਚ ਹੋਰ ਕੌਣ-ਕੌਣ ਲੋਕ ਸ਼ਾਮਲ ਹੋ ਸਕਦੇ ਹਨ।
ਇਸ ਮਾਮਲੇ ‘ਚ ਘੱਟੋ-ਘੱਟ ਸੱਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਅਮਨਦੀਪ ਸਿੰਘ ਅਤੇ ਪੂਨਮ ਰਾਣੀ (ਜ਼ੀਰਕਪੁਰ), ਅੰਕੁਰ ਕੇਹਰ (ਲੁਧਿਆਣਾ), ਅਕਸ਼ੈ ਸ਼ਰਮਾ ਅਤੇ ਕਮਲਜੀਤ ਕਾਂਸਲ (ਮੁਹਾਲੀ), ਰੋਹਿਤ ਭੱਲਾ (ਲੁਧਿਆਣਾ) ਅਤੇ ਕੀਰਤੀ ਸੂਦ (ਬਰਨਾਲਾ) ਸ਼ਾਮਲ ਹਨ। ਅਮਨਦੀਪ ਸਿੰਘ ਅਤੇ ਪੂਨਮ ਰਾਣੀ (ਜ਼ੀਰਕਪੁਰ): ਇਹ ਦੋਵੇਂ ”ਰੈੱਡ ਲੀਫ ਇਮੀਗ੍ਰੇਸ਼ਨ”, ਚੰਡੀਗੜ੍ਹ ਦੇ ਭਾਈਵਾਲ ਹਨ। ਅੰਕੁਰ ਕੇਹਰ (ਲੁਧਿਆਣਾ): ਅੰਕੁਰ ”ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਟਸ” ਦਾ ਮਾਲਕ ਹੈ। ਇਸ ਤੋਂ ਇਲਾਵਾ ਉਹ ”ਰੁਦਰ ਕੰਸਲਟੈਂਸੀ ਸਰਵਿਸ” ਚਲਾਉਂਦਾ ਹੈ, ਜੋ ਅਮਰੀਕਾ ਦੇ ਵੀਜ਼ਿਆਂ ਲਈ ਫੰਡਾਂ ਦਾ ਪ੍ਰਬੰਧ ਕਰਨ ਦੇ ਬਦਲੇ ਮੋਟੀਆਂ ਰਕਮਾਂ ਵਸੂਲਦਾ ਸੀ।
ਮਾਮਲਾ ਉਦੋਂ ਸ਼ੁਰੂ ਹੋਇਆ, ਜਦੋਂ ਅਮਰੀਕੀ ਦੂਤਾਵਾਸ ਨੇ ਪੰਜਾਬ ਦੇ ਵੀਜ਼ਾ ਏਜੰਟਾਂ ਦੁਆਰਾ ਜਮ੍ਹਾਂ ਕਰਵਾਏ ਜਾਅਲੀ ਦਸਤਾਵੇਜ਼ਾਂ ਦਾ ਪਤਾ ਲਗਾਇਆ। ਇਨ੍ਹਾਂ ਏਜੰਟਾਂ ‘ਤੇ ਵੀਜ਼ਾ ਪ੍ਰਕਿਰਿਆ ‘ਚ ਧੋਖਾਧੜੀ ਕਰਨ ਅਤੇ ਅਮਰੀਕੀ ਸਰਕਾਰ ਨੂੰ ਗੁੰਮਰਾਹ ਕਰਨ ਲਈ ਅਮਰੀਕੀ ਵੀਜ਼ਾ ਅਰਜ਼ੀ ਵਿਚ ਜਾਅਲੀ ਸਿੱਖਿਆ ਸਰਟੀਫਿਕੇਟ ਅਤੇ ਕੰਮ ਦੇ ਤਜ਼ਰਬੇ ਦੇ ਦਸਤਾਵੇਜ਼ ਸ਼ਾਮਲ ਕਰਨ ਦਾ ਦੋਸ਼ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਏਜੰਟ ਬਿਨੈਕਾਰਾਂ ਤੋਂ ਮੋਟੀਆਂ ਫੀਸਾਂ ਵਸੂਲ ਕੇ ਉਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਲਈ ਜਾਅਲੀ ਸਰਟੀਫਿਕੇਟ ਤਿਆਰ ਕਰਦੇ ਸਨ। ਇਨ੍ਹਾਂ ਵਿਚ ਫਰਜ਼ੀ ਕੰਮ ਦਾ ਤਜ਼ਰਬਾ ਅਤੇ ਸਿੱਖਿਆ ਸਰਟੀਫਿਕੇਟ ਸ਼ਾਮਲ ਸਨ। ਇਹ ਦਸਤਾਵੇਜ਼ ਅਮਰੀਕੀ ਦੂਤਾਵਾਸ ਨੂੰ ਅਸਲੀ ਸਰਟੀਫਿਕੇਟ ਵਜੋਂ ਪੇਸ਼ ਕੀਤੇ ਗਏ ਸਨ।