#INDIA

ਅਮਰੀਕੀ ਟੈਰਿਫ ਤੋਂ ਬਚਣ ਲਈ 30 ਤੋਂ ਵੱਧ ਵਸਤੂਆਂ ‘ਤੇ ਇੰਪੋਰਟ ਡਿਊਟੀ ਘਟਾ ਸਕਦਾ ਹੈ ਭਾਰਤ

ਨਵੀਂ ਦਿੱਲੀ, 12 ਫਰਵਰੀ (ਪੰਜਾਬ ਮੇਲ)- ਭਾਰਤ ਨੇ ਅਮਰੀਕਾ ਵੱਲੋਂ ਲਾਏ ਜਾਣ ਵਾਲੇ 25 ਫੀਸਦੀ ਟੈਰਿਫ ਨੂੰ ਲੈ ਕੇ ਟਰੰਪ ਨਾਲ ਸੌਦੇਬਾਜ਼ੀ ਕਰਨ ਲਈ ਇਕ ਨੀਤੀ ਤਿਆਰ ਕੀਤੀ ਹੈ। ਇਕ ਰਿਪੋਰਟ ਅਨੁਸਾਰ ਭਾਰਤ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ ਕੁਝ ਉਤਪਾਦਾਂ ‘ਤੇ ਡਿਊਟੀ ਘਟਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੇ ਬਦਲੇ ਭਾਰਤ ਰਾਸ਼ਟਰਪਤੀ ਟਰੰਪ ਨਾਲ ਅਮਰੀਕੀ ਟੈਰਿਫ ਘਟਾਉਣ ਲਈ ਗੱਲ ਕਰੇਗਾ। ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਨੇ ਸਟੀਲ ਤੇ ਐਲੂਮੀਨੀਅਮ ‘ਤੇ 25 ਫੀਸਦੀ ਟੈਰਿਫ ਲਾਉਣ ਦੇ ਸੰਕੇਤ ਦਿੱਤੇ ਹਨ। ਇਕ ਰਿਪੋਰਟ ਅਨੁਸਾਰ ਭਾਰਤ ਅਮਰੀਕਾ ਤੋਂ ਵਧੇ ਹੋਏ ਜਵਾਬੀ ਟੈਰਿਫ ਤੋਂ ਬਚਣ ਲਈ 30 ਤੋਂ ਵੱਧ ਵਸਤੂਆਂ ‘ਤੇ ਟੈਰਿਫ ਘਟਾ ਸਕਦਾ ਹੈ।
ਭਾਰਤ ਅਮਰੀਕੀ ਰੱਖਿਆ ਤੇ ਊਰਜਾ ਉਤਪਾਦਾਂ ਦੀ ਖਰੀਦ ਵਧਾਉਣ ‘ਤੇ ਵੀ ਵਿਚਾਰ ਕਰ ਰਿਹਾ ਹੈ। ਮਤਲਬ ਸਪੱਸ਼ਟ ਹੈ ਕਿ ਭਾਰਤ ਅਮਰੀਕਾ ਨਾਲ ਵਪਾਰਕ ਵਿਵਾਦ ਨਹੀਂ ਚਾਹੁੰਦਾ। ਇਸੇ ਲਈ ਭਾਰਤ ਅਮਰੀਕੀ ਸਾਮਾਨਾਂ ‘ਤੇ ਟੈਕਸ ਘਟਾਉਣ ਬਾਰੇ ਸੋਚ ਰਿਹਾ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਅਮਰੀਕਾ ਨਾਲ ਵਪਾਰਕ ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲ ਹੀ ਦੇ ਕੇਂਦਰੀ ਬਜਟ ਵਿਚ ਸਰਕਾਰ ਨੇ ਇਲੈਕਟ੍ਰਾਨਿਕਸ, ਟੈਕਸਟਾਈਲ ਤੇ ਮਹਿੰਗੇ ਮੋਟਰਸਾਈਕਲਾਂ ਵਰਗੇ ਕਈ ਉਤਪਾਦਾਂ ‘ਤੇ ਇੰਪੋਰਟ ਡਿਊਟੀ ਘਟਾ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਭਾਰਤ ਨੇ ਪਹਿਲਾਂ ਹੀ ਕਈ ਚੀਜ਼ਾਂ ‘ਤੇ ਟੈਕਸ ਘਟਾ ਦਿੱਤੇ ਹਨ, ਤਾਂ ਜੋ ਅਮਰੀਕਾ ਨਾਲ ਸਬੰਧ ਚੰਗੇ ਰਹਿ ਸਕਣ।