#AMERICA

ਅਮਰੀਕੀ ਜੱਜ ਨੇ ਚੋਣ ਦਖਲਅੰਦਾਜ਼ੀ ਮਾਮਲੇ ‘ਚ ਦੋਸ਼ ਰੱਦ ਕਰਨ ਦੀ ਟਰੰਪ ਦੀ ਬੇਨਤੀ ਠੁਕਰਾਈ

ਸੈਕਰਾਮੈਂਟੋ, 6 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਜਾਰਜੀਆ ਦੇ ਇਕ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਦਖਲਅੰਦਾਜੀ ਮਾਮਲੇ ਵਿਚ ਦੋਸ਼ ਰੱਦ ਕਰਨ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ ਤੇ ਆਦੇਸ਼ ਦਿੱਤਾ ਕਿ ਦੋਸ਼ ਰੱਦ ਕਰਨ ਦੀ ਬਜਾਏ ਇਕ ਜਿਊਰੀ ਇਸ ਸਬੰਧੀ ਫੈਸਲਾ ਲਵੇ ਕਿ ਕੀ ਸਾਬਕਾ ਰਾਸ਼ਟਰਪਤੀ ਨੇ ਕਾਨੂੰਨ ਤੋੜਿਆ ਹੈ? ਵਕੀਲ ਨੇ ਦਲੀਲ ਦਿੱਤੀ ਕਿ ਪਹਿਲੀ ਸੋਧ ਟਰੰਪ ਨੂੰ ਚੋਣਾਂ ‘ਚ ਦਖਲਅੰਦਾਜ਼ੀ ਕਰਨ ਦੇ ਦੋਸ਼ਾਂ ਤੋਂ ਰਾਹਤ ਦਿੰਦੀ ਹੈ ਕਿਉਂਕਿ ਵੱਡੀ ਪੱਧਰ ਉਪਰ ਹੋਈ ਚੋਣ ਧਾਂਦਲੀ ਦਾ ਉਨ੍ਹਾਂ ਦਾ ਦਾਅਵਾ ਰਾਜਸੀ ਭਾਸ਼ਣ ਸੀ। ਟਰੰਪ ਦੇ ਵਕੀਲ ਸਟੀਵ ਸੈਡੋਅ ਨੇ ਦਲੀਲ ਦਿੱਤੀ ਕਿ ਦੋਸ਼ ਰੱਦ ਕੀਤੇ ਜਾਣ ਕਿਉਂਕਿ ਟਰੰਪ ਇਕ ਰਾਸ਼ਟਰਪਤੀ ਵਜੋਂ ਰਾਜਨੀਤੀ ਬਾਰੇ ਗੱਲ ਕਰ ਰਿਹਾ ਸੀ। ਵਕੀਲ ਨੇ ਕਿਹਾ ਕਿ ਜੇਕਰ ਟਰੰਪ ਨੇ ਝੂਠਾ ਬਿਆਨ ਦਿੱਤਾ ਸੀ, ਜਿਵੇਂ ਕਿ ਦੋਸ਼ ਲਾਇਆ ਗਿਆ ਹੈ, ਤਾਂ ਵੀ ਇਸ ਰਾਜਸੀ ਬਹਿਸ ਲਈ ਉਹ ਰਾਹਤ ਦਾ ਹੱਕਦਾਰ ਹੈ। ਫਲਟਨ ਕਾਊਂਟੀ ਸੁਪੀਰੀਅਰ ਜੱਜ ਸਕਾਟ ਮੈਕਾਫੀ ਨੇ ਆਦੇਸ਼ ਦਿੱਤਾ ਕਿ ਪਹਿਲੀ ਸੋਧ ਉਸ ਭਾਸ਼ਣ ਦਾ ਬਚਾਅ ਨਹੀਂ ਕਰਦੀ, ਜੋ ਭਾਸ਼ਣ ਅਪਰਾਧ ਦਾ ਹਿੱਸਾ ਹੋਵੇ। ਇਸ ਲਈ ਜਿਊਰੀ ਫੈਸਲਾ ਲਵੇ ਕਿ ਟਰੰਪ ਦੇ ਮਾਮਲੇ ਵਿਚ ਕੀ ਅਜਿਹਾ ਹੋਇਆ ਹੈ। ਮੈਕਾਫੀ ਨੇ ਆਪਣੇ ਆਦੇਸ਼ ਵਿਚ ਲਿਖਿਆ ਹੈ ਕਿ ”ਇਹ ਦੋਸ਼ ਕਿ ਮੁਲਜ਼ਿਮ ਦੇ ਭਾਸ਼ਣ ਜਾਂ ਵਿਵਹਾਰ ਵਿਚ ਅਪਰਾਧਿਕ ਇਰਾਦਾ ਸ਼ਾਮਿਲ ਸੀ, ਇਹ ਇਕ ਅਜਿਹਾ ਮਾਮਲਾ ਹੈ, ਜਿਸ ਨੂੰ ਜਿਊਰੀ ਹੀ ਹਲ ਕਰ ਸਕਦੀ ਹੈ।” ਇਸ ਉਪਰੰਤ ਸਾਬਕਾ ਰਾਸ਼ਟਰਪਤੀ ਦੇ ਵਕੀਲ ਨੇ ਕਿਹਾ ਕਿ ਅਸੀਂ ਮੈਕਾਫੀ ਦੇ ਆਦੇਸ਼ ਨਾਲ ਸਨਮਾਨ ਸਹਿਤ ਅਸਹਿਮਤ ਹਾਂ ਤੇ ਸੰਭਾਵੀ ਤੌਰ ‘ਤੇ ਇਸ ਮੁੱਦੇ ਨੂੰ ਫਿਰ ਉਠਾਇਆ ਜਾਵੇਗਾ।