ਸੈਕਰਾਮੈਂਟੋ, 31 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੈਨਸਿਲਵੇਨੀਆ ਦੇ ਏਰੀ ਸ਼ਹਿਰ ਵਿਚ ਇਕ ਭਾਰਤੀ ਨਾਗਰਿਕ ਜੋ ਵਿਦਿਆਰਥੀ ਵੀਜ਼ੇ ਉਪਰ ਅਮਰੀਕਾ ਆਇਆ ਸੀ, ਨੂੰ ਇਕ ਨਾਬਾਲਿਗ ਨੂੰ ਫੁਸਲਾਉਣ ਤੇ ਉਸ ਨਾਲ ਗੈਰ ਕਾਨੂੰਨੀ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਇਕ ਅਦਾਲਤ ਵੱਲੋਂ 12 ਸਾਲ ਸੰਘੀ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਯੂ.ਐੱਸ. ਅਟਾਰਨੀ ਏਰਿਕ ਜੀ. ਓਲਸ਼ਾਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ 32 ਸਾਲਾ ਭਾਰਤੀ ਉਪੇਂਦਰਾ ਅਡੂਰੂ ਨੂੰ ਡਿਸਟ੍ਰਿਕਟ ਜੱਜ ਸੂਸਾਨ ਪੈਰਾਡਾਈਜ਼ ਬੈਕਸਟਰ ਨੇ ਸਜ਼ਾ ਸੁਣਾਈ। ਸਜ਼ਾ ਪੂਰੀ ਹੋਣ ਉਪਰੰਤ ਅਡੂਰੂ ਨੂੰ 10 ਸਾਲ ਨਿਗਰਾਨੀ ‘ਚ ਰਹਿਣਾ ਪਵੇਗਾ। ਮਾਮਲੇ ਦੀ ਜਾਂਚ ਵਿਚ ਪਤਾ ਲੱਗਾ ਕਿ ਅਡੂਰੂ ਨੇ ਸਤੰਬਰ 20 ਅਤੇ ਅਕਤੂਬਰ 6, 2022 ਦਰਮਿਆਨ ਇਕ 13 ਸਾਲ ਦੀ ਲੜਕੀ ਨੂੰ ਸੋਸ਼ਲ ਮੀਡੀਆ ਰਾਹੀਂ ਕਈ ਸੁਨੇਹੇ ਤੇ ਅਸ਼ਲੀਲ ਤਸਵੀਰਾਂ ਭੇਜੀਆਂ। ਭੇਜੇ ਸੁਨੇਹਿਆਂ ਵਿਚ ਉਸ ਨੇ ਵਾਰ-ਵਾਰ ਸਰੀਰਕ ਸਬੰਧ ਬਣਾਉਣ ਦੀ ਇੱਛਾ ਪ੍ਰਗਟਾਈ। ਉਸ ਨੇ ਨਾਬਾਲਿਗ ਨਾਲ ਮਿਲਕਰੀਕ ਟਾਊਨਸ਼ਿੱਪ ਦੇ ਇਕ ਪਾਰਕ ਵਿਚ ਮਿਲਣ ਦਾ ਪ੍ਰੋਗਰਾਮ ਬਣਾਇਆ, ਜਿਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।