#AMERICA

ਅਮਰੀਕੀ ਚੋਣਾਂ: ਟਰੰਪ ਨੇ ਪ੍ਰਚਾਰ ਮੁਹਿੰਮ ‘ਚ 33.1 ਕਰੋੜ ਡਾਲਰ ਜੁਟਾਏ

-ਅਟਲਾਂਟਾ ‘ਚ ਹੋਈ ਪਹਿਲੀ ਬਹਿਸ ਦਾ ਅਸਰ ਪੈਸੇ ਜੁਟਾਉਣ ਦੀ ਮੁਹਿੰਮ ‘ਤੇ ਪਿਆ
ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਬੀਤੇ ਹਫ਼ਤੇ ਰਾਸ਼ਟਰਪਤੀ ਚੋਣਾਂ ਦਾ ਪਹਿਲੀ ਬਹਿਸ ਦੌਰਾਨ ਡੋਨਾਲਡ ਟਰੰਪ, ਜੋਅ ਬਾਇਡਨ ‘ਤੇ ਭਾਰੀ ਪਏ ਸਨ। ਹੁਣ ਇਕ ਵਾਰ ਫਿਰ ਟਰੰਪ, ਬਾਇਡਨ ‘ਤੇ ਭਾਰੀ ਪਏ ਹਨ। ਦਰਅਸਲ ਟਰੰਪ ਦੀ ਪ੍ਰਚਾਰ ਮੁਹਿੰਮ ਨੇ ਇਸ ਸਾਲ ਦੀ ਦੂਜੀ ਤਿਮਾਹੀ ‘ਚ ਬਾਇਡਨ ਦੀ ਪ੍ਰਚਾਰ ਮੁਹਿੰਮ ਦੀ ਤੁਲਨਾ ‘ਚ 6.7 ਕਰੋੜ ਡਾਲਰ ਜ਼ਿਆਦਾ ਜੁਟਾਏ ਹਨ। ਟਰੰਪ ਦੀ ਪ੍ਰਚਾਰ ਮੁਹਿੰਮ ਨੇ ਦੂਜੀ ਤਿਮਾਹੀ ‘ਚ 33.1 ਕਰੋੜ ਡਾਲਰ ਜੁਟਾਏ ਹਨ। ਉੱਥੇ ਹੀ ਇਸ ਦੌਰਾਨ ਬਾਇਡਨ ਦੀ ਪ੍ਰਚਾਰ ਟੀਮ ਸਿਰਫ਼ 26.4 ਕਰੋੜ ਡਾਲਰ ਹੀ ਜੁਟਾ ਸਕੀ ਹੈ।
ਅਮਰੀਕਾ ‘ਚ ਆਉਣ ਵਾਲੀ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਵਲੋਂ ਡੋਨਾਲਡ ਟਰੰਪ ਅਤੇ ਡੈਮੋਕ੍ਰੇਟ ਪਾਰਟੀ ਵਲੋਂ ਜੋਅ ਬਾਇਡਨ ਸੰਭਾਵਿਤ ਉਮੀਦਵਾਰ ਹਨ। ਜਲਦ ਹੀ ਦੋਵੇਂ ਪਾਰਟੀਆਂ ਦੇ ਸੰਮੇਲਨ ‘ਚ ਟਰੰਪ ਅਤੇ ਬਾਇਡਨ ਦੇ ਨਾਂ ‘ਤੇ ਆਖ਼ਰੀ ਮੋਹਰ ਲੱਗ ਸਕਦੀ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਟਲਾਂਟਾ ‘ਚ ਹੋਈ ਪਹਿਲੀ ਬਹਿਸ ਦਾ ਅਸਰ ਪੈਸੇ ਜੁਟਾਉਣ ਦੀ ਮੁਹਿੰਮ ‘ਤੇ ਪਿਆ ਹੈ, ਕਿਉਂਕਿ ਬਹਿਸ ਤੋਂ ਬਾਅਦ ਟਰੰਪ ਦੀ ਟੀਮ ਨੇ 12.7 ਕਰੋੜ ਡਾਲਰ ਜੁਟਾਏ ਹਨ, ਉੱਥੇ ਹੀ ਬਾਇਡਨ ਦੀ ਪ੍ਰਚਾਰ ਟੀਮ ਸਿਰਫ਼ 3.8 ਕਰੋੜ ਡਾਲਰ ਹੀ ਜੁਟਾ ਸਕੀ ਹੈ।