ਸੈਕਰਾਮੈਂਟੋ, 27 ਦਸੰਬਰ (ਪੰਜਾਬ ਮੇਲ)- ਕਾਂਗਰਸਮੈਨ ਰੋ ਖੰਨਾ ਨੇ ‘ਐਕਸ’ ‘ਤੇ ਇੱਕ ਪੋਸਟ ਵਿਚ ਕਿਹਾ ਕਿ ਉਹ ਕੈਲੀਫੋਰਨੀਆ ਦੇ ਨੇਵਾਰਕ ਵਿਚ ਸਥਿਤ ਸਵਾਮੀਨਾਰਾਇਣ ਮੰਦਰ ਵਿਚ ਭੰਨਤੋੜ ਦੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਨ। ਸਵਾਮੀਨਾਰਾਇਣ ਮੰਦਰ ਰੋ ਖੰਨਾ ਦੇ ਹਲਕੇ ਵਿਚ ਪੈਂਦਾ ਹੈ। ਰੋ ਖੰਨਾ ਨੇ ਕਿਹਾ, ”ਧਾਰਮਿਕ ਆਜ਼ਾਦੀ ਅਮਰੀਕੀ ਜਮਹੂਰੀਅਤ ਦਾ ਧੁਰਾ ਹੈ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ, ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਂਦਾ ਜਾਣਾ ਚਾਹੀਦਾ ਹੈ।”
ਕਾਂਗਰਸਮੈਨ ਰਾਜਾ ਕ੍ਰਿਸ਼ਨਮੂਰਤੀ ਨੇ ਸਵਾਮੀਨਾਰਾਇਣ ਮੰਦਰ ਦੀ ਬੇਅਦਬੀ ਦੀ ਘਟਨਾ ਨੂੰ ‘ਨਿੰਦਾਯੋਗ’ ਕਰਾਰ ਦਿੰਦਿਆਂ ਕਿਹਾ ਕਿ ਉਹ ਇਸ ਦੀ ਸਖ਼ਤ ਨਿੰਦਾ ਕਰਦੇ ਹਨ। ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ਭਾਈਚਾਰੇ ਦੇ ਲੋਕ ਮੰਦਰ ਦੇ ਸਮਰਥਨ ‘ਚ ਰੈਲੀ ਕੱਢ ਰਹੇ ਹਨ। ਉਨ੍ਹਾਂ ਕਿਹਾ, ”ਸਾਨੂੰ ਹਰ ਤਰ੍ਹਾਂ ਦੇ ਕੱਟੜਪੰਥ ਖ਼ਿਲਾਫ਼ ਇੱਕਜੁੱਟ ਹੋਣਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਨੇ ਭੰਨਤੋੜ ਕੀਤੀ ਹੈ, ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।”
ਕਾਂਗਰਸਮੈਨ ਸ਼੍ਰੀ ਥਾਣੇਦਾਰ ਨੇ ਵੀ ‘ਭੰਨ ਤੋੜ ਦੇ ਇਸ ਸ਼ਰਮਨਾਕ ਕਾਰੇ’ ਦੀ ਸਖ਼ਤ ਨਿੰਦਾ ਕੀਤੀ। ਕੈਲੀਫੋਰਨੀਆ ਦੇ ਕਾਂਗਰਸਮੈਨ ਬਾਰਬਰਾ ਲੀ ਅਤੇ ਓਹਾਇਓ ਦੇ ਕਾਂਗਰਸਮੈਨ ਨੀਰਜ ਅੰਤਾਨੀ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਬਿਊਰੋ ਨੇ ਸੋਸ਼ਲ ਮੀਡੀਆ ‘ਐਕਸ’ ‘ਤੇ ਇਕ ਪੋਸਟ ਵਿਚ ਕਿਹਾ, ”ਅਸੀਂ ਕੈਲੀਫੋਰਨੀਆ ਵਿਚ ਸ਼੍ਰੀ ਸਵਾਮੀਨਾਰਾਇਣ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਦੀ ਨਿੰਦਾ ਕਰਦੇ ਹਾਂ।