-ਆਨਲਾਈਨ ਪੋਰਟਲ ਨੂੰ ਲੱਖਾਂ ਡਾਲਰ ਫੰਡ ਕਰਨ ਦਾ ਦੋਸ਼
ਨਵੀਂ ਦਿੱਲੀ, 16 ਨਵੰਬਰ (ਪੰਜਾਬ ਮੇਲ)-ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਵੈੱਬਸਾਈਟ ‘ਨਿਊਜ਼ਕਲਿਕ’ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਮਰੀਕੀ ਕਰੋੜਪਤੀ ਨੇਵਿਲ ਰਾਏ ਸਿੰਘਮ ਨੂੰ ਇਸ ਮਾਮਲੇ ’ਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ।
ਅਮਰੀਕੀ ਕਾਰੋਬਾਰੀ ਅਤੇ ਆਈ. ਟੀ. ਸਲਾਹਕਾਰ ਫਰਮ ਥੌਟਵਰਕਸ ਦੇ ਸਾਬਕਾ ਚੇਅਰਮੈਨ ਨੇਵਿਲ ਰਾਏ ਸਿੰਘਮ ਪਿਛਲੇ ਕੁਝ ਦਿਨਾਂ ਤੋਂ ਰਾਜਨੀਤੀ ਵਿਚ ਕਾਫੀ ਸਰਗਰਮ ਹਨ। ਦਿ ਨਿਊਯਾਰਕ ਟਾਈਮਜ਼ ਵੱਲੋਂ ਕੀਤੀ ਗਈ ਇਕ ਜਾਂਚ ਦੇ ਅਨੁਸਾਰ, ਉਸਨੇ ਨਿਊਜ਼ਕਲਿਕ ਨੂੰ ਲੱਖਾਂ ਡਾਲਰਾਂ ਦੀ ਫੰਡਿੰਗ ਕੀਤੀ।
ਜ਼ਿਕਰਯੋਗ ਹੈ ਕਿ ਨੇਵਿਲ ਰਾਏ ਸਿੰਘਮ ਇਕ ਅਮਰੀਕੀ ਵਪਾਰੀ ਅਤੇ ਸਮਾਜਿਕ ਕਾਰਕੁਨ ਹੈ। ਉਹ ਥੌਟਵਰਕਸ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਵੀ ਹਨ। ਇਹ ਕੰਪਨੀ ਕਸਟਮ ਸਾਫਟਵੇਅਰ, ਸਾਫਟਵੇਅਰ ਟੂਲ ਅਤੇ ਸਲਾਹ ਸੇਵਾਵਾਂ ਪ੍ਰਦਾਨ ਕਰਦੀ ਹੈ। ਸਿੰਘਮ ’ਤੇ ਵੱਖ-ਵੱਖ ਸੰਸਥਾਵਾਂ ਨੂੰ ਫੰਡ ਦੇਣ ਦਾ ਦੋਸ਼ ਹੈ। ਇਹ ਸੰਸਥਾਵਾਂ ਚੀਨ ਦੇ ਵਿਚਾਰਾਂ ਦਾ ਪ੍ਰਚਾਰ ਕਰਦੀਆਂ ਹਨ। ਇਸ ਦੇ ਨਾਲ ਹੀ ਉਈਗਰ ਨਸਲਕੁਸ਼ੀ ਨੂੰ ਝੂਠ ਕਹਿੰਦੇ ਹਨ। ਉਹ ਚੀਨੀ ਪਾਰਟੀ ਦਾ ਜ਼ੁਬਾਨੀ ਸਮਰਥਕ ਵੀ ਰਿਹਾ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸਿੰਘਮ ਦੇ ਨੈੱਟਵਰਕ ਨੇ ਦਿੱਲੀ ਆਧਾਰਿਤ ਨਿਊਜ਼ ਵੈੱਬਸਾਈਟ ਨਿਊਜ਼ਕਲਿਕ ਨੂੰ ਫੰਡ ਦਿੱਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਿਊਜ਼ਕਲਿੱਕ ਨੂੰ 38 ਕਰੋੜ ਰੁਪਏ ਦੀ ਫੰਡਿੰਗ ਦਿੱਤੀ ਗਈ ਸੀ। ਇਹ ਦਾਅਵਾ ਕੀਤਾ ਗਿਆ ਹੈ ਕਿ ਸਿੰਘਮ ਚੀਨੀ ਕਮਿਊਨਿਸਟ ਪਾਰਟੀ ਲਈ ਕੰਮ ਕਰਦਾ ਹੈ। ਨਿਊਜ਼ਕਲਿਕ ਦਾ ਕਹਿਣਾ ਹੈ ਕਿ ਉਸਨੇ ਨੇਵਿਲ ਰਾਏ ਸਿੰਘਮ ਤੋਂ ਕੋਈ ਫੰਡ ਨਹੀਂ ਲਿਆ ਹੈ। ਨਿਊਜ਼ਕਲਿਕ ਦੁਆਰਾ ਪ੍ਰਾਪਤ ਕੀਤੇ ਸਾਰੇ ਫੰਡ ਸਹੀ ਬੈਂਕਿੰਗ ਚੈਨਲਾਂ ਦੁਆਰਾ ਕੀਤੇ ਗਏ ਹਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਨਿਊਜ਼ ਪੋਰਟਲ ਨਿਊਜ਼ਕਲਿੱਕ ਨੇ ਚੀਨ ਦੇ ਹੱਕ ਵਿਚ ਸਪਾਂਸਰਡ ਖ਼ਬਰਾਂ ਚਲਾਉਣ ਲਈ ਚੀਨੀ ਕੰਪਨੀਆਂ ਰਾਹੀਂ 38 ਕਰੋੜ ਰੁਪਏ ਦੀ ਫੰਡਿੰਗ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਹਾਈਕੋਰਟ ਤੋਂ ਇਹ ਕੇਸ ਰੱਦ ਕਰਨ ਦੀ ਮੰਗ ਕੀਤੀ ਸੀ। ਦਿੱਲੀ ਪੁਲਿਸ ਨੇ ਨਿਊਜ਼ਕਲਿਕ ਦੇ ਐੱਚ.ਆਰ. ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਅਤੇ ਨਿਊਜ਼ਕਲਿਕ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਦੇ ਖ਼ਿਲਾਫ਼ ਯੂ.ਏ.ਪੀ.ਏ. ਤਹਿਤ ਐੱਫ.ਆਈ.ਆਰ. ਦਰਜ ਕੀਤੀ ਸੀ ਅਤੇ ਉਨ੍ਹਾਂ ਨੂੰ 3 ਅਕਤੂਬਰ ਨੂੰ ਗਿ੍ਰਫ਼ਤਾਰ ਕੀਤਾ ਸੀ।