#AMERICA

ਅਮਰੀਕੀ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਰਾਮਾਸਵਾਮੀ ਤੇ ਕ੍ਰਿਸਟੀ ਨੋਇਮ ਵਿਚਾਲੇ ਕਰੀਬੀ ਮੁਕਾਬਲਾ

ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਵਲੋਂ ਉਪ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਹਾਸਲ ਕਰਨ ਦੀ ਦੌੜ ‘ਚ ਦੱਖਣੀ ਡਕੋਟਾ ਦੀ ਗਵਰਨਰ ਕ੍ਰਿਸਟੀ ਨੋਇਮ ਅਤੇ ਭਾਰਤੀ ਮੂਲ ਦੇ ਬਾਇਓਟੈਕਨਾਲੋਜੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਵਿਚਾਲੇ ਕਰੀਬੀ ਮੁਕਾਬਲਾ ਹੈ। ਜਾਣਕਾਰੀ ਮੁਤਾਬਕ ‘ਕੰਜ਼ਰਵੇਟਿਵ ਪੋਲੀਟਿਕਲ ਐਕਸ਼ਨ ਕਾਨਫਰੰਸ’ (ਸੀ.ਪੀ.ਏ.ਸੀ.) ਵਿਚ ਹੋਈ ਵੋਟਿੰਗ ਵਿਚ ਕ੍ਰਿਸਟੀ ਅਤੇ ਰਾਮਾਸਵਾਮੀ ਦੋਵਾਂ ਨੂੰ 15-15 ਫ਼ੀਸਦੀ ਵੋਟਾਂ ਮਿਲੀਆਂ ਹਨ। ਸ਼ਨੀਵਾਰ ਨੂੰ ਸਮਾਪਤ ਹੋਈ ਇਸ ਦੀ ਚਾਰ ਦਿਨਾਂ ਬੈਠਕ ਤੋਂ ਬਾਅਦ ਨਤੀਜਿਆਂ ਦਾ ਐਲਾਨ ਕੀਤਾ ਗਿਆ। ਰਾਮਾਸਵਾਮੀ (38) ਦਾ ਜਨਮ ਸਿਨਸਿਨਾਟੀ ਵਿਚ ਹੋਇਆ ਸੀ। ਉਹ ਇੱਕ ਭਾਰਤੀ ਪ੍ਰਵਾਸੀ ਜੋੜੇ ਦਾ ਬੱਚਾ ਹੈ। ਰਾਮਾਸਵਾਮੀ ਨੇ ਇਸ ਸਾਲ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਜਨਵਰੀ ‘ਚ ਆਇਓਵਾ ‘ਚ ਹੋਈ ਵੋਟਿੰਗ ‘ਚ ਚੌਥੇ ਸਥਾਨ ‘ਤੇ ਰਹਿਣ ਤੋਂ ਬਾਅਦ ਉਹ ਇਸ ਦੌੜ ਤੋਂ ਬਾਹਰ ਹੋ ਗਏ ਸਨ।
ਉਥੇ ਹੀ 52 ਸਾਲਾ ਨੋਇਮ 2018 ਵਿਚ ਦੱਖਣੀ ਡਕੋਟਾ ਦੀ ਪਹਿਲੀ ਮਹਿਲਾ ਗਵਰਨਰ ਬਣੀ ਸੀ। ਟਰੰਪ ਨੇ ਉਨ੍ਹਾਂ ਦੇ ਨਾਂ ਦਾ ਸਮਰਥਨ ਕੀਤਾ ਸੀ। ਕੋਵਿਡ-19 ਮਹਾਂਮਾਰੀ ਦੇ ਦੌਰਾਨ, ਉਹ ਟੀਕਾਕਰਨ ਅਤੇ ਮਾਸਕ ਪਹਿਨਣ ਲਈ ਰਾਜ ਵਿਆਪੀ ਆਦੇਸ਼ ਜਾਰੀ ਕਰਨ ਤੋਂ ਇਨਕਾਰ ਕਰਨ ਨੂੰ ਲੈ ਕੇ ਰਾਸ਼ਟਰੀ ਪੱਧਰ ‘ਤੇ ਚਰਚਾ ਦੇ ਕੇਂਦਰ ਵਿਚ ਰਹੀ ਸੀ। ਅਖ਼ਬਾਰ ਮੁਤਾਬਕ ਕਈ ਸਾਲਾਂ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਰਿਪਬਲਿਕਨ ਪਾਰਟੀ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਕਿਸ ਨੂੰ ਨਾਮਜ਼ਦ ਕਰੇ, ਇਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਤੋਂ ਵੱਡਾ ਵਿਸ਼ਾ ਬਣ ਗਿਆ ਹੈ। ਖ਼ਬਰ ਮੁਤਾਬਕ ਅਜਿਹਾ ਇਸ ਲਈ ਵੀ ਹੈ ਕਿਉਂਕਿ ਡੋਨਾਲਡ ਟਰੰਪ (77) ਨੇ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ‘ਚ, ਉਮੀਦ ਮੁਤਾਬਕ ਨਿੱਕੀ ਹੈਲੀ ਨੂੰ ਭਾਰੀ ਵੋਟਾਂ ਨਾਲ ਹਰਾ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪਿਛਲੀ ਵਾਰ ਸੀ.ਪੀ.ਏ.ਸੀ. ਵਿਚ ਹਾਜ਼ਰੀਨ ਲੋਕਾਂ ਵਿਚਾਲੇ ਟਰੰਪ ਵ੍ਹਾਈਟ ਹਾਊਸ ਲਈ ਸਭ ਤੋਂ ਪਸੰਦੀਦਾ ਉਮੀਦਵਾਰ ਨਹੀਂ ਸਨ, ਜਦੋਂ 2016 ‘ਚ ਟੈਕਸਾਸ ਦੇ ਸੈਨੇਟਰ ਟੇਡ ਕਰੂਜ਼ ਪਹਿਲੇ ਸਥਾਨ ‘ਤੇ ਰਹੇ ਸਨ। ਟਰੰਪ ਨੇ ਐਤਵਾਰ ਨੂੰ ਰਿਪਬਲਿਕਨ ਪ੍ਰਾਇਮਰੀ ਵਿਚ ਦੱਖਣੀ ਕੈਰੋਲੀਨਾ ‘ਚ ਆਪਣੀ ਭਾਰਤੀ-ਅਮਰੀਕੀ ਵਿਰੋਧੀ ਹੇਲੀ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਹਵਾਈ ਤੋਂ ਭਾਰਤੀ ਮੂਲ ਦੀ ਸਾਬਕਾ ਪ੍ਰਤੀਨਿਧੀ ਸਭਾ ਦੀ ਮੈਂਬਰ ਤੁਲਸੀ ਗਬਾਰਡ 9 ਫ਼ੀਸਦੀ ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੀ।