#AMERICA

ਅਮਰੀਕੀ ਅਰਥਸ਼ਾਸਤਰੀਆਂ ਵੱਲੋਂ ਟਰੰਪ ਦੇ ਟੈਰਿਫ ਕਾਰਨ ਭਵਿੱਖ ‘ਚ ਮੰਦੀ ਆਉਣੀ ਦੀ ਚਿਤਾਵਨੀ

ਨਵੀਂ ਦਿੱਲੀ, 7 ਅਪ੍ਰੈਲ (ਪੰਜਾਬ ਮੇਲ)- ਗਲੋਬਲ ਬ੍ਰੋਕਰੇਜ ਅਤੇ ਅਰਥਸ਼ਾਸਤਰੀਆਂ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਐਲਾਨੇ ਰੈਸੀਪ੍ਰੋਕਲ ਟੈਰਿਫ ਦੇ ਅਸਰ ਨੂੰ ਧਿਆਨ ‘ਚ ਰੱਖਦੇ ਹੋਏ ਭਵਿੱਖ ‘ਚ ਅਮਰੀਕਾ ‘ਚ ਮੰਦੀ ਆਉਣ ਦੀ ਚਿਤਾਵਨੀ ਦਿੱਤੀ ਹੈ। ਜੇ.ਪੀ. ਮਾਰਗਨ ਚੇਜ਼ ਐਂਡ ਕੰਪਨੀ ਅਨੁਸਾਰ, ਅਸੀਂ ਟੈਰਿਫ ਦੇ ਬੋਝ ਤਹਿਤ ਅਸਲ ਜੀ.ਡੀ.ਪੀ. ਅੰਦਾਜ਼ੇ ‘ਚ ਕਟੌਤੀ ਦੀ ਉਮੀਦ ਕਰਦੇ ਹਨ ਅਤੇ ਪੂਰੇ ਸਾਲ ਲਈ ਹੁਣ ਅਸਲ ਜੀ.ਡੀ.ਪੀ. ਵਾਧਾ -0.3 ਫ਼ੀਸਦੀ ਦੀ ਉਮੀਦ ਕਰਦੇ ਹਾਂ, ਜੋ ਪਹਿਲਾਂ 1.3 ਫ਼ੀਸਦੀ ਸੀ।
ਬੈਂਕ ਦੇ ਮੁੱਖ ਅਮਰੀਕੀ ਅਰਥਸ਼ਾਸਤਰੀ ਮਾਈਕਲ ਫੇਰੋਲੀ ਨੇ ਗਾਹਕਾਂ ਨੂੰ ਲਿਖੇ ਇਕ ਨੋਟ ‘ਚ ਕਿਹਾ ਕਿ ਆਰਥਿਕ ਸਰਗਰਮੀ ‘ਚ ਅੰਦਾਜ਼ਨ ਕਮੀ ਨਾਲ ਹਾਇਰਿੰਗ ‘ਚ ਕਟੌਤੀ ਕੀਤੀ ਜਾ ਸਕਦੀ ਹੈ ਅਤੇ ਸਮੇਂ ਦੇ ਨਾਲ ਬੇਰੋਜ਼ਗਾਰੀ ਦਰ 5.3 ਫ਼ੀਸਦੀ ਤੱਕ ਵਧ ਜਾਵੇਗੀ।
ਸੁੰਗੜਾਅ ਦਾ ਮਤਲਬ ਬਿਜ਼ਨੈੱਸ ਸਾਈਕਲ ਦੇ ਉਸ ਫੇਜ਼ ਤੋਂ ਹੈ, ਜਿਸ ‘ਚ ਸਮੁੱਚੀ ਅਰਥਵਿਵਸਥਾ ‘ਚ ਗਿਰਾਵਟ ਆਉਂਦੀ ਹੈ। ਫੇਰੋਲੀ ਨੂੰ ਉਮੀਦ ਹੈ ਕਿ ਅਮਰੀਕੀ ਫੈੱਡਰਲ ਰਿਜ਼ਰਵ ਜੂਨ ‘ਚ ਆਪਣੀ ਬੈਂਚਮਾਰਕ ਵਿਆਜ ਦਰ ‘ਚ ਕਟੌਤੀ ਸ਼ੁਰੂ ਕਰ ਦੇਵੇਗਾ ਅਤੇ ਅਗਲੇ ਸਾਲ ਜਨਵਰੀ ਤੱਕ ਹਰ ਇਕ ਅਗਲੀ ਬੈਠਕ ‘ਚ ਦਰਾਂ ‘ਚ ਕਟੌਤੀ ਜਾਰੀ ਰੱਖੇਗਾ।
ਫੇਰੋਲੀ ਨੇ ਲਿਖਿਆ, ਜੇ ਇਹ ਸੱਚ ਹੋ ਜਾਂਦਾ ਹੈ, ਤਾਂ ਸਾਡਾ ਮਹਿੰਗਾਈ ਨਾਲ ਜੁੜਿਆ ਅਗਾਊਂ ਅੰਦਾਜ਼ਾ ਫੈੱਡ ਨੀਤੀ ਨਿਰਮਾਤਾਵਾਂ ਲਈ ਦੁਬਿਧਾ ਪੈਦਾ ਕਰੇਗਾ।
ਸਿਟੀ ਦੇ ਅਰਥਸ਼ਾਸਤਰੀਆਂ ਨੇ ਇਸ ਸਾਲ ਵਿਕਾਸ ਦਰ ਲਈ ਆਪਣੇ ਅਗਾਊਂ ਅੰਦਾਜ਼ੇ ਨੂੰ ਘਟਾ ਕੇ ਸਿਰਫ 0.1 ਫ਼ੀਸਦੀ ਕਰ ਦਿੱਤਾ ਹੈ, ਜਦੋਂ ਕਿ ਯੂ.ਬੀ.ਐੱਸ. ਅਰਥਸ਼ਾਸਤਰੀਆਂ ਨੇ ਅੰਗਾਊਂ ਅੰਦਾਜ਼ੇ ਨੂੰ ਘਟਾ ਕੇ ਸਿਰਫ 0.4 ਫ਼ੀਸਦੀ ਕਰ ਦਿੱਤਾ ਹੈ। ਯੂ.ਬੀ.ਐੱਸ. ਦੇ ਮੁੱਖ ਅਮਰੀਕੀ ਅਰਥਸ਼ਾਸਤਰੀ ਜੋਨਾਥਨ ਪਿੰਗਲ ਨੇ ਇਕ ਨੋਟ ‘ਚ ਕਿਹਾ, ”ਸਾਨੂੰ ਉਮੀਦ ਹੈ ਕਿ ਦੁਨੀਆਂ ਦੇ ਦੂਜੇ ਦੇਸ਼ਾਂ ਤੋਂ ਅਮਰੀਕੀ ਦਰਾਮਦ ਸਾਡੇ ਅਗਾਊਂ ਅੰਦਾਜ਼ੇ ਸਮੇਂ ਖਾਸ ਕਰ ਕੇ ਅਗਲੀਆਂ ਕਈ ਤਿਮਾਹੀਆਂ ‘ਚ 20 ਫ਼ੀਸਦੀ ਤੋਂ ਜ਼ਿਆਦਾ ਘਟੇਗੀ, ਜਿਸ ਨਾਲ ਕੁੱਲ ਘਰੇਲੂ ਉਤਪਾਦ ਦੇ ਹਿੱਸੇ ਵਜੋਂ ਦਰਾਮਦ 1986 ਤੋਂ ਪਹਿਲਾਂ ਦੇ ਪੱਧਰ ‘ਤੇ ਵਾਪਸ ਆ ਜਾਵੇਗੀ।
ਉਨ੍ਹਾਂ ਅੰਦਾਜ਼ਾ ਪ੍ਰਗਟਾਇਆ ਕਿ ਵਪਾਰ ਨੀਤੀ ਕਾਰਵਾਈ ਦੀ ਕਠੋਰਤਾ ਦਾ ਮਤਲਬ 30 ਟ੍ਰਿਲੀਅਨ ਡਾਲਰ ਅਰਥਵਿਵਸਥਾ ਲਈ ਮੈਕਰੋਇਕਾਨਮਿਕ ਐਡਜਸਟਮੈਂਟ ਹੋਵੇਗਾ।
ਫੈੱਡ ਦੇ ਪ੍ਰਧਾਨ ਜੇਰੋਮ ਪਾਵੇਲ ਨੇ ਕਿਹਾ ਕਿ ਦਰਾਂ ‘ਚ ਕਿਸੇ ਵੀ ਐਡਜਸਟਮੈਂਟ ਲਈ ਸਾਨੂੰ ਜਲਦਬਾਜ਼ੀ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੀ ਟਿੱਪਣੀ ਲੇਬਰ ਸਟੈਟਿਸਟਿਕਸ ਬਿਊਰੋ ਦੀ ਤਾਜ਼ਾ ਮਹੀਨਾਵਾਰੀ ਰੋਜ਼ਗਾਰ ਰਿਪੋਰਟ ਦੇ ਜਾਰੀ ਹੋਣ ਤੋਂ ਬਾਅਦ ਆਈ, ਜਿਸ ‘ਚ ਮਾਰਚ ‘ਚ ਮਜ਼ਬੂਤ ਭਰਤੀ ਦੇ ਨਾਲ-ਨਾਲ ਬੇਰੋਜ਼ਗਾਰੀ ਦਰ ‘ਚ ਮਾਮੂਲੀ ਵਾਧਾ, 4.2 ਫ਼ੀਸਦੀ ਵਿਖਾਈ ਗਈ।