#AMERICA

ਅਮਰੀਕੀ ਅਰਥਵਿਵਸਥਾ ‘ਚ ਅਰਬਾਂ ਰੁਪਏ ਦਾ ਯੋਗਦਾਨ ਪਾਉਣ ਦੇ ਬਾਵਜੂਦ ਅਸੁਰੱਖਿਅਤ ਨੇ ਭਾਰਤੀ ਵਿਦਿਆਰਥੀ!

ਵਾਸ਼ਿੰਗਟਨ, 13 ਫਰਵਰੀ (ਪੰਜਾਬ ਮੇਲ)- ਇੰਡੀਅਨ ਸਟੂਡੈਂਟ ਮੋਬਿਲਿਟੀ ਰਿਪੋਰਟ ਦੇ ਮੁਤਾਬਕ ਹਰ ਸਾਲ ਭਾਰਤੀ ਵਿਦਿਆਰਥੀ ਅਮਰੀਕੀ ਅਰਥਵਿਵਸਥਾ ‘ਚ 800 ਅਰਬ ਰੁਪਏ ਦਾ ਯੋਗਦਾਨ ਦਿੰਦੇ ਹਨ ਪਰ ਇਸ ਦੇ ਬਾਵਜੂਦ ਹਾਲ ਦੇ ਦਿਨਾਂ ‘ਚ ਉੱਥੇ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਜਨਕ ਖ਼ਬਰਾਂ ਸਾਹਮਣੇ ਆਈਆਂ ਹਨ। ਐੱਮ.ਬੀ.ਏ. ਦੀ ਪੜ੍ਹਾਈ ਕਰ ਰਹੇ ਵਿਵੇਕ ਸੈਨੀ ਦੀ ਹੱਤਿਆ ਦੇ ਹਫਤੇ ਭਰ ਦੇ ਅੰਦਰ ਇਕ ਹੋਰ ਭਾਰਤੀ ਵਿਦਿਆਰਥੀ ਸਈਅਦ ਮਜ਼ਹਿਰ ਅਲੀ ਦੇ ਨਾਲ ਜ਼ਾਲਮਾਨਾ ਹਿੰਸਾ ਦੀ ਵਾਰਦਾਤ ਨੇ ਪ੍ਰਵਾਸੀ ਵਿਦਿਆਰਥੀਆਂ ਤੇ ਭਾਰਤ ‘ਚ ਰਹਿ ਰਹੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਪਿਛਲੇ ਇਕ ਪੰਦਰਵਾੜੇ ਦੇ ਦੌਰਾਨ ਹੀ ਅਮਰੀਕਾ ‘ਚ ਵੱਖ-ਵੱਖ ਕਾਰਨਾਂ ਨਾਲ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ‘ਚ ਭਾਰਤ ਸਰਕਾਰ ਦੇ ਨਾਲ-ਨਾਲ ਸੰਸਦ ਦਾ ਵੀ ਫਿਕਰਮੰਦ ਹੋਣਾ ਲਾਜ਼ਮੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਸਦਨ ‘ਚ ਭਰੋਸਾ ਦੇਣਾ ਪਿਆ ਕਿ ਵਿਦੇਸ਼ ‘ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਸਰਕਾਰ ਦੀ ਸਿਖਰਲੀਆਂ ਤਰਜੀਹਾਂ ‘ਚ ਸ਼ਾਮਲ ਹੈ।
ਭਾਰਤ ਤੋਂ ਪੜ੍ਹਨ ਲਈ ਹਰ ਸਾਲ ਕਰੀਬ ਢਾਈ ਲੱਖ ਵਿਦਿਆਰਥੀ ਅਮਰੀਕਾ ਜਾਂਦੇ ਹਨ, ਜੋ ਉੱਥੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦਾ ਕਰੀਬ 25 ਫੀਸਦੀ ਹਿੱਸਾ ਹੈ। ਬਿਊਰੋ ਆਫ ਐਜੁਕੇਸ਼ਨ ਐਂਡ ਕਲਚਰਲ ਅਫੇਅਰਸ ਯੂ.ਐੱਸ.ਏ. ਤੇ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੁਕੇਸ਼ਨ ਵਲੋਂ ਨਵੰਬਰ 2023 ‘ਚ ਜਾਰੀ ਅੰਕੜਿਆਂ ਦੇ ਅਨੁਸਾਰ ਸਾਲ 2022-23 ‘ਚ ਅਮਰੀਕਾ ‘ਚ 10.57 ਲੱਖ ਵਿਦਿਆਰਥੀ ਵਿਦੇਸ਼ਾਂ ਤੋਂ ਫੜ੍ਹਨ ਆਏ, ਜਿਨ੍ਹਾਂ ‘ਚੋਂ 5.50 ਲੱਖ ਭਾਵ 52 ਫੀਸਦੀ ਵਿਦਿਆਰਥੀ ਚੀਨ ਤੇ ਭਾਰਤ ਦੇ ਹਨ। ਇਨ੍ਹਾਂ ‘ਚੋਂ ਚੀਨੀ ਵਿਦਿਆਰਥੀਆਂ ਦਾ ਹਿੱਸਾ 27 ਫੀਸਦੀ ਤਾਂ ਭਾਰਤੀ ਵਿਦਿਆਰਥੀਆਂ ਦਾ ਹਿਸਾ ਕਰੀਬ 25 ਫੀਸਦੀ ਹੈ। ਇਸੇ ਸਮਾਂ ਮਿਆਦ ‘ਚ ਭਾਰਤ ਤੋਂ ਲਗਭਗ 2.68 ਲੱਖ ਵਿਦਿਆਰਥੀ ਪੜ੍ਹਨ ਅਮਰੀਕਾ ਗਏ।
ਇੰਡੀਅਨ ਸਟੂਡੈਂਟ ਮੋਬਿਲਿਟੀ ਰਿਪੋਰਟ ਦੇ ਅਨੁਸਾਰ, ਉੱਚ ਸਿੱਖਿਆ ਲਈ ਅਮਰੀਕਾ ਜਾਣ ਵਾਲੇ ਲਗਭਗ 37.50 ਪ੍ਰਤੀਸ਼ਤ ਭਾਰਤੀ ਵਿਦਿਆਰਥੀ ਸਿਰਫ ਤਿੰਨ ਰਾਜਾਂ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਪੰਜਾਬ (ਹਰੇਕ ਰਾਜ ਤੋਂ 12.50 ਪ੍ਰਤੀਸ਼ਤ) ਤੋਂ ਆਉਂਦੇ ਹਨ। ਇਸ ਤੋਂ ਬਾਅਦ ਗੁਜਰਾਤ, ਤਾਮਿਲਨਾਡੂ ਅਤੇ ਦਿੱਲੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਦਾ ਨੰਬਰ ਆਉਂਦਾ ਹੈ। ਤਿੰਨਾਂ ਰਾਜਾਂ ਦੀ ਕੁੱਲ ਹਿੱਸੇਦਾਰੀ ਕਰੀਬ 24 ਫੀਸਦੀ ਹੈ।