#AMERICA

ਅਮਰੀਕੀ ਅਦਾਲਤ ਵੱਲੋਂ ਪਤਨੀ ਦੀ ਹੱਤਿਆ ਦੇ ਮਾਮਲੇ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਉਮਰ ਕੈਦ  

ਸੈਕਰਾਮੈਂਟੋ, 8 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਫਲੋਰਿਡਾ ਰਾਜ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਆਪਣੀ ਪਤਨੀ ਦੀ ਹੱਤਿਆ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਫਿਲਪ ਮੈਥੀਊ ਵਿਰੁੱਧ 2020 ਵਿਚ ਆਪਣੀ 26 ਸਾਲਾ ਪਤਨੀ ਮੈਰਿਨ ਜੋਇ ਦੀ 17 ਵਾਰ ਚਾਕੂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਮੈਥੀਊ ਨੇ ਬਰੋਵਰਡ ਹੈਲਥ ਕੋਰਲ ਸਪਿਰੰਗਜ ਹਸਪਤਾਲ ਜਿਥੇ ਜੋਇ ਕੰਮ ਕਰਦੀ ਸੀ, ਦੀ ਪਾਰਕਿੰਗ ਵਿਚ ਉਸ ਦੀ ਕਾਰ ਅੱਗੇ ਆਪਣੀ ਕਾਰ ਲਾ ਕੇ ਉਸ ਨੂੰ ਰੋਕ ਲਿਆ ਤੇ ਬਾਅਦ ਵਿਚ ਉਸ ਨੇ ਜੋਇ ਉਪਰ ਚਾਕੂ ਨਾਲ ਕਈ ਵਾਰ ਕੀਤੇ। ਜਦੋਂ ਉਹ ਜ਼ਮੀਨ ਉਪਰ ਡਿੱਗ ਗਈ, ਤਾਂ ਉਹ ਆਪਣੀ ਕਾਰ ਉਸ ਉਪਰੋਂ ਲੰਘਾ ਕੇ ਫਰਾਰ ਹੋ ਗਿਆ। ਜੋਇ ਦੇ ਸਾਥੀਆਂ ਨੇ ਇਸ ਸਾਰੀ ਘਟਨਾ ਨੂੰ ਵੇਖਿਆ ਸੀ ਤੇ ਜੋਇ ਨੇ ਮਰਨ ਤੋਂ ਪਹਿਲਾਂ ਹਮਲਾਵਰ ਦੀ ਪਛਾਣ ਪੁਲਿਸ ਨੂੰ ਦਸ ਦਿੱਤੀ ਸੀ, ਜਿਸ ਉਪਰੰਤ ਮੈਥਿਊ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦਰਅਸਲ ਮੈਥਿਊ ਨਾਲ ਜੋਇ ਆਪਣੇ ਸਬੰਧ ਖਤਮ ਕਰਨਾ ਚਾਹੁੰਦੀ ਸੀ ਪਰ ਇਸ ਤੋਂ ਪਹਿਲਾਂ ਹੀ ਖਿੱਝ ਕੇ ਮੈਥਿਊ ਨੇ ਉਸ ਦੀ ਹੱਤਿਆ ਕਰ ਦਿੱਤੀ। ਅਦਾਲਤ ਵੱਲੋਂ ਉਸ ਨੂੰ ਰਾਜ ਦੀ ਜੇਲ੍ਹ ਵਿਚ ਉਮਰ ਭਰ ਲਈ ਬੰਦ ਰੱਖਣ ਤੋਂ ਇਲਾਵਾ 5 ਸਾਲ ਹੋਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਉਸ ਦੀ ਰਿਹਾਈ ਦੀ ਕੋਈ ਸੰਭਾਵਨਾ ਨਹੀਂ ਹੈ। ਜੋਇ ਦੀ ਮਾਂ ਨੇ ਅਦਾਲਤ ਦੇ ਫੈਸਲੇ ਉਪਰ ਤਸੱਲੀ ਪ੍ਰਗਟ ਕੀਤੀ ਹੈ ਤੇ ਨਿਆਂ ਪ੍ਰਕ੍ਰਿਆ ਮੁਕੰਮਲ ਹੋਣ ‘ਤੇ ਸੁਖ ਦਾ ਸਾਹ ਲਿਆ ਹੈ।