#AMERICA

ਅਮਰੀਕੀ ਅਦਾਲਤ ’ਚ ਭ੍ਰਿਸ਼ਟਾਚਾਰ ਦੇ ਦੋਸ਼ ਕਬੂਲੇਗਾ ਭਾਰਤੀ ਮੂਲ ਦਾ ਸਾਬਕਾ ਮੇਅਰ

ਨਿਊਯਾਰਕ, 23 ਅਗਸਤ (ਪੰਜਾਬ ਮੇਲ)- ਭਾਰਤੀ-ਅਮਰੀਕੀ ਸਾਬਕਾ ਮੇਅਰ ਭ੍ਰਿਸ਼ਟਾਚਾਰ ਦੇ ਕੇਸ ਨਾਲ ਸਬੰਧਤ ਦੋਸ਼ਾਂ ਨੂੰ ਫੈਡਰਲ ਅਦਾਲਤ ’ਚ ਕਬੂਲ ਕਰਨ ਲਈ ਤਿਆਰ ਹੋ ਗਿਆ ਹੈ। ਉਸ ’ਤੇ ਸਬੂਤ ਖ਼ਤਮ ਕਰਨ ਅਤੇ ਏਜੰਟਾਂ ਨੂੰ ਝੂਠੇ ਬਿਆਨ ਦੇ ਕੇ ਐਫ.ਬੀ.ਆਈ. ਦੀ ਜਾਂਚ ਵਿਚ ਅੜਿੱਕਾ ਪਾਉਣ ਦਾ ਦੋਸ਼ ਵੀ ਹੈ। ਹਰੀਸ਼ ‘ਹੈਰੀ’ ਸਿੰਘ ਸਿੱਧੂ ਜੋ ਕਿ 2018 ਵਿਚ ਕੈਲੀਫੋਰਨੀਆ ਦੇ ਐਨਹਾਈਮ ਦਾ ਮੇਅਰ ਚੁਣਿਆ ਗਿਆ ਸੀ, ਖ਼ਿਲਾਫ਼ 2022 ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਜਨਤਕ ਹੋਏ ਸਨ। ਇਹ ਮਾਮਲਾ ਇਕ ਬੇਸਬਾਲ ਸਟੇਡੀਅਮ ਦੀ ਵਿਕਰੀ ਤੇ ਹੋਰ ਦੋਸ਼ਾਂ ਨਾਲ ਸਬੰਧਤ ਹੈ। ਡਿਸਟ੍ਰਿਕਟ ਕੋਰਟ ਵਿਚ ਸਿੱਧੂ (66) ਨੇ ਕੈਲੀਫੋਰਨੀਆ ਟੈਕਸ ਅਥਾਰਿਟੀ ਨਾਲ ਧੋਖਾਧੜੀ ਤੇ ਇਕ ਹੈਲੀਕਾਪਟਰ ਦੀ ਖ਼ਰੀਦ ਬਾਰੇ ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨੂੰ ਝੂਠੇ ਬਿਆਨ ਦੇਣ ਦੀ ਗੱਲ ਵੀ ਕਬੂਲੀ ਹੈ।
ਸਿੱਧੂ ਨੇ ਮੰਨਿਆ ਹੈ ਕਿ ਜਦੋਂ ਐਨਹਾਈਮ ਸ਼ਹਿਰ ਏਂਜਲਸ ਸਟੇਡੀਅਮ ਦੀ ਵਿਕਰੀ ਬਾਰੇ ਲਾਸ ਏਂਜਲਸ ਦੀ ਵੱਡੀ ਬੇਸਬਾਲ ਕਲੱਬ ਲੀਗ ਨਾਲ ਸੌਦਾ ਕਰ ਰਿਹਾ ਸੀ ਤਾਂ ਉਹ ਸ਼ਹਿਰ ਵੱਲੋਂ ਸੌਦਾ ਕਰ ਰਹੀ ਟੀਮ ਦਾ ਮੈਂਬਰ ਬਣਿਆ ਸੀ। ਉਸ ਨੇ ਇਸ ਪ੍ਰਕਿਰਿਆ ਦੌਰਾਨ ਖ਼ਰੀਦਦਾਰ ਨੂੰ ਵਿਕਰੀ ਨਾਲ ਸਬੰਧਤ ਅਹਿਮ ਜਾਣਕਾਰੀ ਉਪਲੱਬਧ ਕਰਵਾਈ ਜੋ ਕਿ ਖ਼ਰੀਦਣ ਵਾਲੇ ਨੂੰ ਫਾਇਦਾ ਦੇ ਸਕਦੀ ਸੀ। ਮੇਅਰ ਵਜੋਂ ਇਹ ਜਾਣਕਾਰੀ ਦੇਣ ਤੋਂ ਬਾਅਦ ਸਿੱਧੂ ਨੇ ਸਟੇਡੀਅਮ ਖਰੀਦਣ ਵਾਲੀ ਫਰਮ ਤੋਂ ਚੋਣ ਮੁਹਿੰਮ ਲਈ 10 ਲੱਖ ਡਾਲਰ ਮੰਗੇ। ਜ਼ਿਕਰਯੋਗ ਹੈ ਕਿ 2018 ਵਿਚ ਸਿੱਧੂ ਸ਼ਹਿਰ ਦਾ ਪਹਿਲਾ ਸਿੱਖ ਮੇਅਰ ਬਣਿਆ ਸੀ ਤੇ ਰੰਗ-ਨਸਲ ਦੇ ਪੱਖ ਤੋਂ ਵੀ ਉਹ ਇਸ ਅਹੁਦੇ ’ਤੇ ਪਹਿਲਾ ਵਿਅਕਤੀ ਸੀ।

Leave a comment