#AMERICA

ਅਮਰੀਕਾ VISA ਪ੍ਰਕਿਰਿਆ ‘ਚ ਸੁਧਾਰ ਤੇ Green Card ਦੇ ਬਕਾਇਆ ਮਾਮਲਿਆਂ ਨੂੰ ਛੇਤੀ ਨਿਬੇੜਨ ਦੀ ਕਰ ਰਿਹੈ ਕੋਸ਼ਿਸ਼

ਵਾਸ਼ਿੰਗਟਨ, 29 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ ਹੋਰ ਮੁੱਦਿਆਂ ਨੂੰ ਸੁਧਾਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਐੱਚ-1ਬੀ ਵੀਜ਼ਾ, ਗ੍ਰੀਨ ਕਾਰਡ ਬੈਕਲਾਗ ਪ੍ਰਕਿਰਿਆ ਨੂੰ ਸੁਧਾਰਨ ਲਈ ਕਦਮ ਚੁੱਕੇ ਹਨ। ਦਰਅਸਲ ਉਨ੍ਹਾਂ ਨੂੰ ਭਾਰਤੀ-ਅਮਰੀਕੀ ਲੋਕਾਂ ਦੇ ਇੱਕ ਹਿੱਸੇ ਵਿਚ ਫੈਲੀ ਇਸ ਭਾਵਨਾ ਬਾਰੇ ਪੁੱਛਿਆ ਗਿਆ ਸੀ ਕਿ ਰਾਸ਼ਟਰਪਤੀ ਬਾਇਡਨ ਕਾਨੂੰਨੀ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਓਨੇ ਯਤਨ ਨਹੀਂ ਕਰ ਰਹੇ ਹਨ, ਜਿਨ੍ਹਾਂ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਕਰ ਰਹੇ ਹਨ।
ਐੱਚ-1ਬੀ ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ। ਇਹ ਆਮ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜੋ ਅਮਰੀਕਾ ਵਿਚ ਕੰਮ ਕਰਨ ਜਾਂਦੇ ਹਨ। ਦੂਜੇ ਸ਼ਬਦਾਂ ਵਿਚ ਐੱਚ-1ਬੀ ਵੀਜ਼ਾ ਅਜਿਹੇ ਹੁਨਰਮੰਦ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਕੰਮ ਦੀ ਅਮਰੀਕੀ ਕੰਪਨੀਆਂ ਨੂੰ ਲੋੜ ਹੁੰਦੀ ਹੈ। ਇਸ ਤੋਂ ਬਾਅਦ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ। ਇਸ ਵੀਜ਼ੇ ਦੀ ਵੈਧਤਾ ਛੇ ਸਾਲ ਹੈ। ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਇਹ ਵੀਜ਼ਾ ਸਭ ਤੋਂ ਵੱਧ ਮਿਲਦਾ ਹੈ
ਪਿਅਰੇ ਨੇ ਅੱਗੇ ਕਿਹਾ ਕਿ ਉਦਾਹਰਣ ਵਜੋਂ ਯੂ.ਐੱਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (ਡੀ.ਐੱਚ.ਐੱਸ.) ਨੇ ਪਿਛਲੇ ਮਹੀਨੇ ਹੀ ਐੱਚ-1ਬੀ ਵੀਜ਼ਾ ਨਾਲ ਸਬੰਧਤ ਨਵੇਂ ਨਿਯਮ ਪ੍ਰਕਾਸ਼ਤ ਕੀਤੇ ਸਨ। ਇਹ ਤਬਦੀਲੀਆਂ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਨੂੰ ਮਜ਼ਬੂਤ ਕਰਨ ਅਤੇ ਧੋਖਾਧੜੀ ਦੀ ਸੰਭਾਵਨਾ ਨੂੰ ਘਟਾਉਣ ਲਈ ਕੀਤੀਆਂ ਗਈਆਂ ਹਨ। ਇਹ ਤਬਦੀਲੀਆਂ ਨਿਰਪੱਖ ਅਤੇ ਵਧੇਰੇ ਬਰਾਬਰੀ ਵਾਲੇ ਨਤੀਜਿਆਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ। ਅਧਿਕਾਰੀ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਸੁਧਾਰ ਲਈ ਆਪਣਾ ਕੰਮ ਜਾਰੀ ਰੱਖਣਗੇ। ਇਹ ਯਕੀਨੀ ਤੌਰ ‘ਤੇ ਸਾਡੀ ਤਰਜੀਹ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਵੀਜ਼ਾ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਰਹੇਗਾ।