ਅੰਮ੍ਰਿਤਸਰ, 12 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਬੈਠ ਕੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਹਿੱਸਾ ਲੈਣ ਵਾਲੇ ਗੈਂਗਸਟਰ ਬਲਜਿੰਦਰ ਸਿੰਘ ਉਰਫ ਡੌਨੀ ਬੱਲ ਦੇ ਪੰਜ ਸਾਥੀਆਂ ਅਤੇ ਪੁਲਿਸ ਵਿਚਾਲੇ ਰਾਮਤੀਰਥ ਨੇੜੇ ਭਾਰੀ ਗੋਲੀਬਾਰੀ ਹੋਈ। ਦੋਵੇਂ ਮੁਲਜ਼ਮ ਪੁਲਿਸ ਨੂੰ ਦੇਖ ਕੇ ਤਿੰਨ ਕਿਲੋਮੀਟਰ ਤੱਕ ਕਾਰ ਭਜਾ ਕੇ ਲੈ ਗਏ ਅਤੇ ਦੋਵਾਂ ਪਾਸਿਆਂ ਤੋਂ ਤੇਰਾਂ ਤੋਂ ਵੱਧ ਰਾਊਂਡ ਫਾਇਰ ਕੀਤੇ ਗਏ। ਕਾਫੀ ਹਫੜਾ-ਦਫੜੀ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਨੂੰ ਘੇਰ ਲਿਆ। ਇਕ ਗੈਂਗਸਟਰ ਦੀ ਲੱਤ ਵਿਚ ਗੋਲੀ ਲੱਗੀ ਅਤੇ ਸਾਰੇ ਕਾਬੂ ਕਰ ਲਏ ਗਏ। ਐੱਸ.ਐੱਸ.ਪੀ. ਚਰਨਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਸਾਰੇ ਲੋਪੋਕੇ ਇਲਾਕੇ ਵਿਚ ਇਕ ਵਪਾਰੀ ਦੇ ਘਰ ਪੈਸੇ ਵਸੂਲਣ ਜਾ ਰਹੇ ਸਨ।
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਇਕ ਵਰਨਾ ਕਾਰ, ਇਕ 32 ਬੋਰ ਦਾ ਪਿਸਤੌਲ, ਦਸ ਕਾਰਤੂਸ ਅਤੇ ਪੰਜ ਮੋਬਾਈਲ ਬਰਾਮਦ ਕੀਤੇ ਹਨ। ਫਿਲਹਾਲ ਅੰਮ੍ਰਿਤਸਰ ਦੇਹਾਤ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਅਮਰੀਕਾ ਸਥਿਤ ਗੈਂਗਸਟਰ ਬਲਜਿੰਦਰ ਸਿੰਘ ਉਰਫ ਡੌਨੀ ਬੱਲ, ਪ੍ਰਭ ਦਾਸੂਵਾਲ ਅਤੇ ਪੁਰਤਗਾਲ ਬੈਠੇ ਖਤਰਨਾਕ ਗੈਂਗਸਟਰ ਫਿਰੌਤੀ, ਕਤਲ ਦੀ ਕੋਸ਼ਿਸ਼ ਅਤੇ ਕੁੱਟਮਾਰ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।