ਵਾਸ਼ਿੰਗਟਨ, 30 ਜਨਵਰੀ (ਪੰਜਾਬ ਮੇਲ)- ਅਮਰੀਕਾ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਅਤੇ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਭਾਰਤੀਆਂ ‘ਤੇ ਸ਼ਿਕੰਜਾ ਕੱਸਦੇ ਹੋਏ ਅਮਰੀਕੀ ਸਰਕਾਰ ਨੇ ਇੱਕ ਵਾਰ ਫਿਰ ਵੱਡੀ ਕਾਰਵਾਈ ਕੀਤੀ ਹੈ। ਤਾਜ਼ਾ ਜਾਣਕਾਰੀ ਅਨੁਸਾਰ, ਅਮਰੀਕਾ ਵੱਲੋਂ 149 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਕੇ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਕਰਨਾਲ ਨਾਲ ਸਬੰਧਤ ਦੱਸੇ ਜਾ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਵੱਲੋਂ ਕਈ ਭਾਰਤੀ ਬੇੜੀਆਂ ਵਿਚ ਬੰਨ੍ਹ ਕੇ ਵਿਸ਼ੇਸ਼ ਜਹਾਜ਼ਾਂ ਰਾਹੀਂ ਡਿਪੋਰਟ ਕੀਤੇ ਗਏ ਸਨ।
ਸੂਤਰਾਂ ਅਨੁਸਾਰ ਜਦੋਂ ਤੋਂ ਅਮਰੀਕਾ ਵਿਚ ਡੋਨਲਡ ਟਰੰਪ ਦੀ ਸਰਕਾਰ ਆਈ ਹੈ, ਉਦੋਂ ਤੋਂ ‘ਅਮਰੀਕਾ ਫਸਟ’ ਦੀ ਨੀਤੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਜਿਹੜੇ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਹੇ ਹਨ ਜਾਂ ਕਿਸੇ ਅਪਰਾਧਿਕ ਗਤੀਵਿਧੀ ਵਿਚ ਸ਼ਾਮਲ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਵੇਗਾ। ਇਸੇ ਚੇਤਾਵਨੀ ਦੇ ਤਹਿਤ ਹੁਣ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਡਿਪੋਰਟ ਕੀਤੇ ਗਏ ਇਨ੍ਹਾਂ 149 ਭਾਰਤੀਆਂ ਵਿਚ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ 15 ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇੱਕ ਅਜਿਹਾ ਨੌਜਵਾਨ ਵੀ ਹੈ, ਜਿਸ ਨੇ ਅਮਰੀਕਾ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ 65 ਲੱਖ ਰੁਪਏ ਖਰਚ ਕੀਤੇ ਸਨ, ਪਰ ਹੁਣ ਉਸ ਨੂੰ ਖਾਲੀ ਹੱਥ ਵਾਪਸ ਪਰਤਣਾ ਪਿਆ ਹੈ। ਹਾਲਾਂਕਿ ਪੰਜਾਬ ਨਾਲ ਸਬੰਧਤ ਕਿੰਨੇ ਨੌਜਵਾਨ ਇਸ ਵਿਚ ਸ਼ਾਮਲ ਹਨ, ਇਸ ਬਾਰੇ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ; ਇਸ ਤੋਂ ਪਹਿਲਾਂ ਵੀ ਅਮਰੀਕਾ ਵੱਲੋਂ ਕਈ ਵਾਰ ਜਹਾਜ਼ ਭਰ-ਭਰ ਕੇ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। ਪਹਿਲਾਂ ਇਹ ਜਹਾਜ਼ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਦੇ ਸਨ, ਪਰ ਇਸ ਵਾਰ ਇਨ੍ਹਾਂ ਨੌਜਵਾਨਾਂ ਨੂੰ ਵੱਖ-ਵੱਖ ਫਲਾਈਟਾਂ ਰਾਹੀਂ ਵਾਪਸ ਭੇਜਿਆ ਜਾ ਰਿਹਾ ਹੈ। ਅਮਰੀਕੀ ਸਰਕਾਰ ਦੀ ਇਸ ਸਖ਼ਤੀ ਨੇ ਗੈਰ-ਕਾਨੂੰਨੀ ਤਰੀਕੇ ਨਾਲ ਉੱਥੇ ਰਹਿ ਰਹੇ ਹੋਰਨਾਂ ਭਾਰਤੀਆਂ ਵਿੱਚ ਵੀ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਅਮਰੀਕਾ ਵੱਲੋਂ 149 ਹੋਰ ਗੈਰ ਕਾਨੂੰਨੀ ਭਾਰਤੀ ਬੇੜੀਆਂ ‘ਚ ਬੰਨ੍ਹ ਕੇ ਡਿਪੋਰਟ

