#AMERICA

ਅਮਰੀਕਾ ਵੱਲੋਂ ਹੁਨਰਮੰਦ ਪੇਸ਼ੇਵਰ ਭਾਰਤੀਆਂ ਲਈ ਐੱਚ ਸ਼੍ਰੇਣੀ ਦਾ ਵੀਜ਼ਾ ਪ੍ਰਸਤਾਵਿਤ

-ਇਸ ਸ਼੍ਰੇਣੀ ‘ਚ ਇਸ ਸਾਲ ਲਗਭਗ 25 ਹਜ਼ਾਰ ਭਾਰਤੀਆਂ ਨੂੰ ਜਾਰੀ ਹੋਵੇਗਾ ਵੀਜ਼ਾ
-ਹਰ 4 ਮਹੀਨੇ ਬਾਅਦ ਵੀਜ਼ਾ, 6 ਸਾਲ ਰਹਿ ਸਕਣਗੇ
ਨਿਊਯਾਰਕ, 16 ਅਕਤੂਬਰ (ਪੰਜਾਬ ਮੇਲ)- ਭਾਰਤੀਆਂ ਲਈ ਅਮਰੀਕਾ ਵਿਚ ਵਸਣ ਦਾ ਇੱਕ ਨਵਾਂ ਰਾਹ ਖੁੱਲ੍ਹਣ ਵਾਲਾ ਹੈ। ਹੁਨਰਮੰਦ ਪੇਸ਼ੇਵਰ ਭਾਰਤੀਆਂ ਲਈ ਐੱਚ ਸ਼੍ਰੇਣੀ ਦਾ ਵੀਜ਼ਾ ਪ੍ਰਸਤਾਵਿਤ ਕੀਤਾ ਗਿਆ ਹੈ। ਇਸ ਸਾਲ ਇਸ ਸ਼੍ਰੇਣੀ ਵਿਚ ਲਗਭਗ 25 ਹਜ਼ਾਰ ਭਾਰਤੀਆਂ ਨੂੰ ਵੀਜ਼ਾ ਜਾਰੀ ਕੀਤਾ ਜਾਵੇਗਾ।
ਐੱਚ ਦਾ ਮਤਲਬ ਹੈ ਕਿ ਪੇਸ਼ੇਵਰਾਂ ਨੂੰ ਹਾਰਟਲੈਂਡ ਸਟੇਟ ਵਿਚ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਹਾਰਟਲੈਂਡ ਸਟੇਟ ਮਿਸ਼ੀਗਨ ਅਤੇ ਡਕੋਟਾ ਵਰਗੇ ਰਾਜ ਹਨ, ਜੋ ਨਿਊਯਾਰਕ, ਟੈਕਸਾਸ ਅਤੇ ਫਲੋਰੀਡਾ ਵਰਗੇ ਰਾਜਾਂ ਦੇ ਮੁਕਾਬਲੇ ਆਰਥਿਕ ਤੌਰ ‘ਤੇ ਪਛੜੇ ਹੋਏ ਹਨ। ਬਾਇਡਨ ਸਰਕਾਰ ਦਾ ਮੰਨਣਾ ਹੈ ਕਿ ਹਾਰਟਲੈਂਡ ਸਟੇਟ ਵਿਚ ਭਾਰਤੀ ਪੇਸ਼ੇਵਰਾਂ ਨੂੰ ਵੀਜ਼ਾ ਜਾਰੀ ਕਰਨ ਨਾਲ ਇੱਥੋਂ ਦੇ ਆਰਥਿਕ ਵਿਕਾਸ ਵਿਚ ਤੇਜ਼ੀ ਆਵੇਗੀ। ਇਸ ਸ਼੍ਰੇਣੀ ਨੂੰ ਖਾਸ ਤੌਰ ‘ਤੇ ਭਾਰਤੀਆਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਅਮਰੀਕਾ ਵਿਚ ਗ੍ਰੀਨ ਕਾਰਡ ਲਈ ਲੰਮੀ ਉਡੀਕ ਸੂਚੀ ਕਾਰਨ ਹੁਨਰਮੰਦ ਪੇਸ਼ੇਵਰ ਐੱਚ ਸ਼੍ਰੇਣੀ ਤੋਂ ਆਉਣ ਦੇ ਯੋਗ ਹੋਣਗੇ।
ਅਮਰੀਕਾ ਵਿਚ ਕੰਮ ਕਰਨ ਜਾਂ ਸੈਟਲ ਹੋਣ ਦੇ ਚਾਹਵਾਨ ਭਾਰਤੀ ਕੈਲੀਫੋਰਨੀਆ ਅਤੇ ਨਿਊਯਾਰਕ ਵਰਗੇ ਵੱਡੇ ਸ਼ਹਿਰਾਂ ਵਿਚ ਚਲੇ ਜਾਂਦੇ ਹਨ। ਹਾਰਟਲੈਂਡ ਰਾਜਾਂ ਨੂੰ ਅੱਗੇ ਲਿਆਉਣ ਲਈ ਇਹ ਸਕੀਮ ਬਣਾਈ ਗਈ ਹੈ। ਮਿਸ਼ੀਗਨ, ਡਕੋਟਾ, ਅਲਾਬਾਮਾ, ਕੈਂਟਕੀ, ਮਿਸੂਰੀ, ਨੇਬਰਾਸਕਾ ਅਤੇ ਓਹਾਇਓ ਵਰਗੇ 15 ਰਾਜਾਂ ਵਿਚ ਭਾਰਤੀਆਂ ਦੀ ਗਿਣਤੀ ਬਹੁਤ ਘੱਟ ਹੈ। ਅਮਰੀਕੀ ਸਰਕਾਰ ਨੇ ਇਨ੍ਹਾਂ ਰਾਜਾਂ ਦੀਆਂ 100 ਕਾਉਂਟੀਆਂ (ਜ਼ਿਲ੍ਹਿਆਂ) ਦੀ ਚੋਣ ਕੀਤੀ ਹੈ, ਜਿੱਥੇ ਭਾਰਤੀਆਂ ਨੂੰ ਵੀਜ਼ਾ ਦਿੱਤਾ ਜਾਵੇਗਾ। ਐੱਚ ਸ਼੍ਰੇਣੀ ਦੇ ਵੀਜ਼ੇ ਵਿਚ ਇੱਕ ਸ਼ਰਤ ਇਹ ਵੀ ਲਗਾਈ ਗਈ ਹੈ ਕਿ ਵੀਜ਼ਾ ਜਾਰੀ ਹੋਣ ਤੋਂ ਬਾਅਦ ਇੱਕ ਸਾਲ ਤੱਕ ਉਸੇ ਕਾਉਂਟੀ ਵਿਚ ਰਹਿਣਾ ਹੋਵੇਗਾ। ਅਮਰੀਕਾ ਦਾ ਮੰਨਣਾ ਹੈ ਕਿ ਇਸ ਨਾਲ ਭਾਰਤੀ ਪੇਸ਼ੇਵਰ ਉਸ ਕਾਉਂਟੀ ਦੇ ਵਿਕਾਸ ਵਿਚ ਯੋਗਦਾਨ ਪਾ ਸਕਣਗੇ।
ਐੱਚ ਸ਼੍ਰੇਣੀ ਵਿਚ ਹਰ 4 ਮਹੀਨੇ ਬਾਅਦ ਵੀਜ਼ਾ ਜਾਰੀ ਕੀਤਾ ਜਾਵੇਗਾ। ਹਾਰਟਲੈਂਡ ਸਟੇਟ ਫੈਡਰਲ ਸਰਕਾਰ ਨੂੰ ਆਪਣੀਆਂ ਮੰਗਾਂ ਪੇਸ਼ ਕਰੇਗਾ। ਇਸ ਅਨੁਸਾਰ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਨੂੰ ਰਾਜ ਅਲਾਟ ਕੀਤੇ ਜਾਣਗੇ। ਸ਼ੁਰੂਆਤੀ ਤੌਰ ‘ਤੇ ਵੀਜ਼ਾ ਤਿੰਨ ਸਾਲਾਂ ਲਈ ਜਾਰੀ ਕੀਤਾ ਜਾਵੇਗਾ, ਜਿਸ ਨੂੰ 6 ਸਾਲ ਤੱਕ ਵਧਾਇਆ ਜਾ ਸਕਦਾ ਹੈ। ਛੇ ਸਾਲਾਂ ਬਾਅਦ ਕੋਈ ਵਿਅਕਤੀ ਅਮਰੀਕਾ ਵਿਚ ਸਥਾਈ ਨਿਵਾਸ ਲਈ ਅਰਜ਼ੀ ਦੇ ਸਕਦਾ ਹੈ।