#AMERICA

ਅਮਰੀਕਾ ਵੱਲੋਂ ਵਿਦੇਸ਼ੀ ਵਿਅਕਤੀਆਂ ‘ਤੇ VISA ਪਾਬੰਦੀਆਂ ਲਗਾਉਣ ਦੀ ਤਿਆਰੀ!

– ਵਪਾਰਕ ਸਪਾਈਵੇਅਰ ਦੀ ਦੁਰਵਰਤੋਂ ਕਰਨ ਵਾਲੇ ‘ਤੇ ਲਾਗੂ ਹੋਵੇਗੀ ਪਾਬੰਦੀ
– ਅਮਰੀਕਾ ਨੇ ਵਪਾਰਕ ਸਪਾਈਵੇਅਰ ਦੀ ਵੱਧ ਰਹੀ ਦੁਰਵਰਤੋਂ ਤੋਂ ਜਤਾਈ ਚਿੰਤਾ
ਵਾਸ਼ਿੰਗਟਨ, 7 ਫਰਵਰੀ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਇਕ ਨਵੀਂ ਨੀਤੀ ਲੈ ਕੇ ਆਵੇਗਾ, ਜਿਸ ਤਹਿਤ ਵਪਾਰਕ ‘ਸਪਾਈਵੇਅਰ’ ਦੀ ਦੁਰਵਰਤੋਂ ਵਿਚ ਸ਼ਾਮਲ ਵਿਦੇਸ਼ੀ ਵਿਅਕਤੀਆਂ ‘ਤੇ ਵੀਜ਼ਾ ਪਾਬੰਦੀਆਂ ਲਗਾਈਆਂ ਜਾਣਗੀਆਂ। ਪ੍ਰਸ਼ਾਸਨ ਦੀ ਨੀਤੀ ਉਨ੍ਹਾਂ ਲੋਕਾਂ ‘ਤੇ ਲਾਗੂ ਹੋਵੇਗੀ ਜੋ ਪੱਤਰਕਾਰਾਂ, ਕਾਰਕੁਨਾਂ, ਕਥਿਤ ਅਸੰਤੁਸ਼ਟਾਂ, ਹਾਸ਼ੀਏ ‘ਤੇ ਰਹਿ ਰਹੇ ਭਾਈਚਾਰਿਆਂ ਦੇ ਮੈਂਬਰਾਂ ਜਾਂ ਉਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਉਣ ਲਈ ਵਪਾਰਕ ‘ਸਪਾਈਵੇਅਰ’ ਦੀ ਦੁਰਵਰਤੋਂ ਵਿਚ ਸ਼ਾਮਲ ਰਹੇ ਹਨ, ਜਿਨ੍ਹਾਂ ‘ਤੇ ਜਾਸੂਸੀ ਜ਼ਰੀਏ ਨਜ਼ਰ ਰੱਖੀ ਗਈ।
ਅਧਿਕਾਰੀਆਂ ਨੇ ਕਿਹਾ ਕਿ ਵੀਜ਼ਾ ਪਾਬੰਦੀ ਉਨ੍ਹਾਂ ਲੋਕਾਂ ‘ਤੇ ਵੀ ਲਾਗੂ ਹੋ ਸਕਦੀ ਹੈ, ਜੋ ਵਪਾਰਕ ਸਪਾਈਵੇਅਰ ਦੀ ਦੁਰਵਰਤੋਂ ਨੂੰ ਉਤਸ਼ਾਹਤ ਕਰਦੇ ਹਨ ਜਾਂ ਉਸ ਨਾਲ ਵਿੱਤੀ ਲਾਭ ਪ੍ਰਾਪਤ ਕਰਦੇ ਹਨ। ਨਵੀਂ ਨੀਤੀ ਦੀ ਘੋਸ਼ਣਾ ਕਰਦੇ ਹੋਏ ਇੱਕ ਬਿਆਨ ਵਿਚ ਵਿਦੇਸ਼ ਸਕੱਤਰ ਐਂਟਨੀ ਬਲਿੰਕਨ ਨੇ ਕਿਹਾ, ”ਅਮਰੀਕਾ ਦਮਨ ਨੂੰ ਉਤਸ਼ਾਹਿਤ ਕਰਨ, ਸੂਚਨਾ ਦੇ ਸੁਤੰਤਰ ਪ੍ਰਵਾਹ ਨੂੰ ਸੀਮਤ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਲਈ ਦੁਨੀਆਂ ਭਰ ਵਿਚ ਵਪਾਰਕ ਸਪਾਈਵੇਅਰ ਦੀ ਵੱਧ ਰਹੀ ਦੁਰਵਰਤੋਂ ਤੋਂ ਚਿੰਤਤ ਹੈ।”
ਉਨ੍ਹਾਂ ਕਿਹਾ, ”ਵਪਾਰਕ ਸਪਾਈਵੇਅਰ ਦੀ ਦੁਰਵਰਤੋਂ ਨਾਲ ਗੋਪਨੀਯਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤਮਈ ਇਕੱਠ ਅਤੇ ਸਭਾ ਕਰਨ ‘ਤੇ ਖ਼ਤਰਾ ਰਹਿੰਦਾ ਹੈ। ਜਾਸੂਸੀ ਜ਼ਰੀਏ ਇਸ ਤਰ੍ਹਾਂ ਨਿਗਰਾਨੀ ਰੱਖ ਕੇ ਬੇਹੱਦ ਗੰਭੀਰ ਮਾਮਲਿਆਂ ਵਿਚ ਮਨਮਾਨੇ ਢੰਗ ਨਾਲ ਵਿਅਕਤੀ ਨੂੰ ਹਿਰਾਸਤ ਵਿਚ ਲੈਣਾ, ਅਗਵਾ ਅਤੇ ਗੈਰ-ਨਿਆਇਕ ਹੱਤਿਆਵਾਂ ਸ਼ਾਮਲ ਹਨ।’ ਬਾਇਡਨ ਨੇ ਲਗਭਗ ਇੱਕ ਸਾਲ ਪਹਿਲਾਂ ਇੱਕ ਹੋਰ ਸਰਕਾਰੀ ਆਦੇਸ਼ ਜਾਰੀ ਕੀਤਾ ਸੀ, ਜਿਸ ਵਿਚ ਅਮਰੀਕੀ ਸਰਕਾਰ ਵੱਲੋਂ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ ਵਪਾਰਕ ਸਪਾਈਵੇਅਰ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਸੀ।