#AMERICA

ਅਮਰੀਕਾ ਵੱਲੋਂ ਯਮਨ ‘ਤੇ ਹਮਲੇ ਦੀ ਯੋਜਨਾ ਪਹਿਲਾਂ ਹੀ ਹੋ ਗਈ ਸੀ ਲੀਕ

-ਮੀਡੀਆ ਰਿਪੋਰਟਾਂ ‘ਚ ਦਾਅਵਾ; ਟਰੰਪ ਨੇ ਅਣਜਾਣਤਾ ਪ੍ਰਗਟਾਈ
ਵਾਸ਼ਿੰਗਟਨ, 26 ਮਾਰਚ (ਪੰਜਾਬ ਮੇਲ)- ਅਮਰੀਕਾ ਵੱਲੋਂ ਹਾਲ ਹੀ ਵਿਚ ਯਮਨ ‘ਤੇ ਕੀਤੇ ਹਮਲੇ ਦੀ ਯੋਜਨਾ ਪਹਿਲਾਂ ਹੀ ‘ਐਪ’ ਉੱਤੇ ਲੀਕ ਹੋ ਗਈ ਸੀ। ਇਸ ਦਾ ਖੁਲਾਸਾ ਆਨਲਾਈਨ ਮੀਡੀਆ ਰਿਪੋਰਟ ਵਿਚ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੀਨੀਅਰ ਕੌਮੀ ਸੁਰੱਖਿਆ ਅਧਿਕਾਰੀਆਂ ਨੇ ਯਮਨ ‘ਤੇ ਅਗਾਮੀ ਫੌਜੀ ਹਮਲਿਆਂ ਸਬੰਧੀ ਜੰਗੀ ਯੋਜਨਾਵਾਂ ਨੂੰ ਸੁਰੱਖਿਅਤ ਮੈਸੇਜਿੰਗ ਐਪ ਦੇ ਗਰੁੱਪ ਚੈਟ ਵਿਚ ਸਾਂਝਾ ਕੀਤਾ ਸੀ। ਇਸ ਐਪ ਗਰੁੱਪ ਵਿਚ ਅਮਰੀਕਾ ਦੇ ਮੰਤਰੀ ਤੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ।
ਇਸ ‘ਗਰੁੱਪ’ ਵਿਚ ‘ਦਿ ਅਟਲਾਂਟਿਕ’ ਮੈਗਜ਼ੀਨ ਦੇ ਮੁੱਖ ਸੰਪਾਦਕ ਜੈਫਰੀ ਗੋਲਡਬਰਗ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਗੋਲਡਬਰਗ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਹਾਲ ਹੀ ਵਿਚ ਯਮਨ ਵਿਚ ਹੂਤੀ ਬਾਗ਼ੀਆਂ ‘ਤੇ ਜੋ ਹਮਲਾ ਕੀਤਾ ਸੀ, ਉਸ ਦੀ ਯੋਜਨਾ ‘ਸਿਗਨਲ’ ਐਪ ‘ਤੇ ਲੀਕ ਹੋ ਗਈ ਸੀ। ਉਨ੍ਹਾਂ ਕਿਹਾ ਉਸ ਨੂੰ ਇਸ ਐਪ ਗਰੁੱਪ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਰਿਪੋਰਟ ਦੇ ਨਸ਼ਰ ਹੋਣ ਮਗਰੋਂ ਟਰੰਪ ਨੇ ਸ਼ੁਰੂ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਐਨੀ ਸੰਵੇਦਨਸ਼ੀਲ ਜਾਣਕਾਰੀ ਲੀਕ ਹੋ ਗਈ ਹੈ। ਬਾਅਦ ਵਿਚ ਉਹ ਇਸ ਉਲੰਘਣਾ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ।
ਅਮਰੀਕਾ ਦੀ ਕੌਮੀ ਸਲਾਮਤੀ ਕੌਂਸਲ ਨੇ ਬਿਆਨ ਵਿਚ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਪੱਤਰਕਾਰ ਦਾ ਨੰਬਰ ‘ਸਿਗਨਲ’ ਗਰੁੱਪ ਚੈਟ ਵਿਚ ਸ਼ਾਮਲ ਕਿਵੇਂ ਹੋ ਗਿਆ। ਇਸ ਗਰੁੱਪ ਵਿਚ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੈਥ, ਉਪ ਰਾਸ਼ਟਰਪਤੀ ਜੇਡੀ ਵੈਂਸ, ਅਮਰੀਕਾ ਦਾ ਕੌਮੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼, ਗ੍ਰਹਿ ਮੰਤਰੀ ਮਾਰਕੋ ਰੂਬੀਓ ਅਤੇ ਤੁਲਸੀ ਗਬਾਰਡ ਆਦਿ ਅਧਿਕਾਰੀ ਸ਼ਾਮਲ ਹਨ।