#OTHERS

ਅਮਰੀਕਾ ਵੱਲੋਂ ਪਾਕਿਸਤਾਨ ‘ਚ ਆਮ ਚੋਣਾਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਲਈ advisory ਜਾਰੀ

ਇਸਲਾਮਾਬਾਦ, 5 ਫਰਵਰੀ (ਪੰਜਾਬ ਮੇਲ)- ਅਮਰੀਕਾ ਨੇ ਪਾਕਿਸਤਾਨ ਵਿਚ 8 ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਅਮਰੀਕੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਅਤੇ ਚੋਣਾਂ ਸਬੰਧੀ ਸੰਭਾਵਿਤ ਹਿੰਸਾ ਦੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਸਥਿਤ ਅਮਰੀਕੀ ਸਫ਼ਾਰਤਖ਼ਾਨੇ ਨੇ ਸ਼ੁੱਕਰਵਾਰ ਨੂੰ ਐਡਵਾਈਜ਼ਰੀ ਕੀਤੀ ਅਤੇ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਖੇਤਰਾਂ ਵਿਚ ਹੋਣ ਵਾਲੀਆਂ ਸਿਆਸੀ ਰੈਲੀਆਂ ਦੀਆਂ ਥਾਵਾਂ ਬਾਰੇ ਚੌਕਸ ਤੇ ਜਾਗਰੂਕ ਰਹਿਣ ਲਈ ਆਖਿਆ, ਜਿੱਥੇ ਉਨ੍ਹਾਂ ਨੇ ਜਾਣਾ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਕਿ 8 ਫਰਵਰੀ ਨੂੰ ਚੋਣਾਂ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਵਾਲੇ ਇਲਾਕਿਆਂ ‘ਚ ਭੀੜ ਹੋਵੇਗੀ ਅਤੇ ਅਮਰੀਕੀ ਨਾਗਰਿਕ ਪਾਕਿਸਤਾਨ ਦੀਆਂ ਚੋਣਾਂ ‘ਚ ਹਿੱਸਾ ਲੈਣ ਲਈ ਯੋਗ ਨਹੀਂ ਹਨ, ਜਿਸ ਲਈ ਉਨ੍ਹਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਸਫਾਤਰਖ਼ਾਨੇ ਨੇ ਕਿਹਾ ਕਿ ਪਾਕਿਸਤਾਨ ‘ਚ ਸਿਆਸੀ ਪਾਰਟੀਆਂ ਵੱਲੋਂ ਸਰਗਰਮੀ ਨਾਲ ਮਾਰਚ, ਰੈਲੀਆਂ ਤੇ ਭਾਸ਼ਣ ਹੋ ਰਹੇ ਹਨ, ਜੋ ਕਿ ਕਿਸੇ ਵੀ ਜਮਹੂਰੀ ਪ੍ਰਕਿਰਿਆ ਦਾ ਹਿੱਸਾ ਹਨ। ਹਾਲਾਂਕਿ ਇਸ ਵਿਚ ਅੱਗੇ ਕਿਹਾ ਗਿਆ ਕਿ ਅਜਿਹੇ ਜਨਤਕ ਸਮਾਗਮਾਂ ਨਾਲ ਆਵਾਜਾਈ ਜਾਮ ਹੋਣ, ਖੁੱਲ੍ਹੇ ਤਰੀਕੇ ਨਾਲ ਘੁੰਮਣ ਅਤੇ ਸੁਰੱਖਿਆ ‘ਚ ਵਿਘਨ ਪੈਣ ਦੀ ਸੰਭਾਵਨਾ ਹੁੰਦੀ ਹੈ। ਐਡਵਾਈਜ਼ਰੀ ਮੁਤਾਬਕ ਚੋਣਾਂ ਵਾਲੇ ਦਿਨ ਇੰਟਰਨੈੱਟ ਅਤੇ ਫੋਨ ਸੇਵਾਵਾਂ ਵੀ ਬੰਦ ਰਹਿ ਸਕਦੀਆਂ ਹਨ। ਉਸ ਦਿਨ ਜਨਤਕ ਇਕੱਠ ਵਾਲੀਆਂ ਥਾਵਾਂ ਆਦਿ ‘ਤੇ ਜਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਅਮਰੀਕੀ ਸਫ਼ਾਰਤਖਾਨੇ ਨੇ ਆਪਣੇ ਨਾਗਰਿਕਾਂ ਨੂੰ ਸਥਾਨਕ ਮੀਡੀਆ ‘ਤੇ ਨਜ਼ਰ ਰੱਖਣ, ਆਪਣੇ ਸ਼ਨਾਖਤੀ ਦਸਤਾਵੇਜ਼ ਕੋਲ ਰੱਖਣ ਅਤੇ ਪੁਲਿਸ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।