#EUROPE

ਅਮਰੀਕਾ ਵੱਲੋਂ ਦੱਖਣੀ ਕੋਰੀਆ ਨਾਲ ਮਿਲ ਕੇ ਫੌਜੀ ਮਸ਼ਕਾਂ ਸ਼ੁਰੂ

ਸਿਓਲ, 11 ਮਾਰਚ (ਪੰਜਾਬ ਮੇਲ)- ਮੱਧ ਪੂਰਬ ਵਿਚ ਜਾਰੀ ਟਕਰਾਅ ਦਰਮਿਆਨ ਅਮਰੀਕਾ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਵੱਡੀ ਫੌਜੀ ਮਸ਼ਕਾਂ ਸ਼ੁਰੂ ਕੀਤੀਆਂ ਹਨ। ਮਸ਼ਕਾਂ ਵਿਚ ਦੋਵਾਂ ਮੁਲਕਾਂ ਦੇ ਹਜ਼ਾਰਾਂ ਫੌਜੀ ਸ਼ਾਮਲ ਹਨ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ ਸਟਾਫ ਨੇ ਕਿਹਾ ਕਿ 19 ਮਾਰਚ ਤੱਕ ਚੱਲਣ ਵਾਲੀ ‘ਫ੍ਰੀਡਮ ਸ਼ੀਲਡ’ ਵਿਚ 18,000 ਕੋਰਿਆਈ ਫੌਜੀ ਹਿੱਸਾ ਲੈ ਰਹੇ ਹਨ। ਅਮਰੀਕੀ ਫੌਜੀਆਂ ਦੀ ਗਿਣਤੀ ਬਾਰੇ ਹਾਲ ਦੀ ਘੜੀ ਕੋਈ ਜਾਣਕਾਰੀ ਨਹੀਂ ਹੈ।
ਦੋਵੇਂ ਮੁਲਕ ਅਜਿਹੇ ਮੌਕੇ ਸਾਂਝੀ ਮਸ਼ਕ ਕਰਨ ਲੱਗੇ ਹਨ, ਜਦੋਂ ਦੱਖਣੀ ਕੋਰੀਆ ਦੇ ਮੀਡੀਆ ‘ਚ ਚੁੰਝ ਚਰਚਾ ਹੈ ਕਿ ਵਾਸ਼ਿੰਗਟਨ ਵੱਲੋਂ ਇਰਾਨ ਖਿਲਾਫ਼ ਜੰਗ ਦੀ ਹਮਾਇਤ ਲਈ ਦੱਖਣੀ ਕੋਰੀਆ ਤੋਂ ਆਪਣੇ ਕੁਝ ਸਲਾਮਤੀ ਦਸਤਿਆਂ ਨੂੰ ਹਟਾਇਆ ਜਾ ਰਿਹਾ ਹੈ। ਯੂ.ਐੱਸ. ਫੋਰਸਿਜ਼ ਕੋਰੀਆ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਸੁਰੱਖਿਆ ਕਾਰਨਾਂ ਕਰ ਕੇ ਆਪਣੇ ਫੌਜੀ ਅਸਾਸਿਆਂ ਦੀ ਆਮਦੋਰਫ਼ਤ ਬਾਰੇ ਕੋਈ ਟਿੱਪਣੀ ਨਹੀਂ ਕਰੇਗਾ। ਦੱਖਣੀ ਕੋਰਿਆਈ ਅਧਿਕਾਰੀਆਂ ਨੇ ਕੁਝ ਅਮਰੀਕੀ ਪੈਟ੍ਰੀਅਟ ਐਂਟੀ-ਮਿਜ਼ਾਈਲ ਸਿਸਟਮ ਅਤੇ ਹੋਰ ਉਪਕਰਣਾਂ ਨੂੰ ਮੱਧ ਪੂਰਬ ਵਿਚ ਲਿਜਾਣ ਦੀਆਂ ਰਿਪੋਰਟਾਂ ‘ਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉੱਧਰ ਰਾਜਧਾਨੀ ਸਿਓਲ ਵਿਚ ਇਨ੍ਹਾਂ ਮਸ਼ਕਾਂ ਦੇ ਵਿਰੋਧ ਵਿਚ ਲੋਕ ਸੜਕਾਂ ‘ਤੇ ਆ ਗਏ। ਉਨ੍ਹਾਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ। ਉਨ੍ਹਾਂ ਨੇ ਇਨ੍ਹਾਂ ਮਸ਼ਕਾਂ ਦੇ ਵਿਰੋਧ ਵਿਚ ਅਮਰੀਕੀ ਦੂਤਾਵਾਸ ਦੇ ਅੱਗੇ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ।