ਅਮਰੀਕੀ ਜਹਾਜ਼ ਦੇ ਇਸ ਹਫ਼ਤੇ ਭਾਰਤ ਪੁੱਜਣ ਦੀ ਉਮੀਦ
ਅੰਮ੍ਰਿਤਸਰ, 13 ਫਰਵਰੀ (ਪੰਜਾਬ ਮੇਲ)- ਅਮਰੀਕਾ ਦੀ ਡੋਨਲਡ ਟਰੰਪ ਸਰਕਾਰ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ ਖਿੱਚ ਲਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਫਤੇ ਦੌਰਾਨ ਅਮਰੀਕਾ ਤੋਂ 150 ਤੋਂ ਵੱਧ ਹੋਰ ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ 5 ਫਰਵਰੀ ਨੂੰ ਅਮਰੀਕਾ ਦਾ ਫੌਜੀ ਮਾਲਵਾਹਕ ਜਹਾਜ਼ 104 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਪੁੱਜਿਆ ਸੀ।
ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਦੇ ਦੂਜੇ ਬੈਚ ਨੂੰ ਡਿਪੋਰਟ ਕਰਨ ਸਬੰਧੀ ਰਿਪੋਰਟਾਂ ਦੀ ਭਾਵੇਂ ਭਾਰਤੀ ਅਧਿਕਾਰੀਆਂ ਨੇ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ, ਪਰ ਅਮਰੀਕੀ ਪ੍ਰਸ਼ਾਸਨ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਵਾਸੀਆਂ ਦੀ ਵਤਨ ਵਾਪਸੀ ਇਸ ਹਫ਼ਤੇ ਹੋ ਸਕਦੀ ਹੈ। ਡਿਪੋਰਟ ਕੀਤੇ ਭਾਰਤੀ ਪ੍ਰਵਾਸੀਆਂ ਦਾ ਪਹਿਲਾ ਬੈਚ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ ਸੀ। ਹਾਲਾਂਕਿ, ਦੂਜਾ ਬੈਚ ਕਿੱਥੇ ਉਤਰੇਗਾ, ਇਸ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ।
ਵਾਪਸ ਭੇਜੇ ਪ੍ਰਵਾਸੀ ਲੱਖਾਂ ਰੁਪਏ ਖਰਚਣ ਮਗਰੋਂ ਡੰਕੀ ਰੂਟ ਜਾਂ ਫਿਰ ਕਿਸੇ ਹੋਰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਸਨ ਅਤੇ ਪਿਛਲੇ ਦੋ-ਤਿੰਨ ਸਾਲਾਂ ਤੋਂ ਉਥੇ ਰਹਿ ਰਹੇ ਸਨ। ਅਮਰੀਕਾ ਵੱਲੋਂ ਇਹ ਕਾਰਵਾਈ ਅਜਿਹੇ ਮੌਕੇ ਕੀਤੀ ਗਈ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਸ਼ਿੰਗਟਨ ਦੇ ਸਰਕਾਰੀ ਦੌਰੇ ‘ਤੇ ਹਨ ਤੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗ਼ੈਰਕਾਨੂੰਨੀ ਪ੍ਰਵਾਸ ਸਣੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਕਰਨਗੇ।
ਚੇਤੇ ਰਹੇ ਕਿ ਇਸ ਮਹੀਨੇ ਦੇ ਸ਼ੁਰੂ ‘ਚ 104 ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਇਨ੍ਹਾਂ ਵਿਚੋਂ 30 ਪੰਜਾਬ ਤੋਂ, 33-33 ਹਰਿਆਣਾ ਅਤੇ ਗੁਜਰਾਤ ਤੋਂ, ਤਿੰਨ-ਤਿੰਨ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਤੋਂ ਅਤੇ ਦੋ ਚੰਡੀਗੜ੍ਹ ਤੋਂ ਸਨ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਅਮਰੀਕੀ ਫੌਜੀ ਜਹਾਜ਼ ਸੀ-17 ਦੀ ਵਰਤੋਂ ਕੀਤੀ ਗਈ ਸੀ। ਡਿਪੋਰਟ ਕੀਤੇ ਗਏ ਵਿਅਕਤੀਆਂ ਨੂੰ ਤਸਦੀਕ ਅਤੇ ਪਿਛੋਕੜ ਦੀ ਜਾਂਚ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਸੀ।
ਭਾਰਤ ਦੇ ਵਿਦੇਸ਼ ਮੰਤਰੀ ਨੇ ਬੀਤੇ ਦਿਨੀਂ ਸੰਸਦ ਵਿਚ ਭਰੋਸਾ ਦਿੱਤਾ ਸੀ ਕਿ ਉਹ ਯਤਨ ਕਰਨਗੇ ਕਿ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਨਾਲ ਅਪਰਾਧੀਆਂ ਵਾਂਗ ਵਰਤਾਰਾ ਨਾ ਹੋਵੇ। ਮਿਲੀ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਵੱਲੋਂ ਆਪਣਾ ਇਹ ਸੁਨੇਹਾ ਅਮਰੀਕਾ ਸਰਕਾਰ ਤੱਕ ਪੁੱਜਦਾ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਜਿਨ੍ਹਾਂ 104 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਉਨ੍ਹਾਂ ਨੂੰ ਹੱਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਲਾ ਕੇ ਅਪਰਾਧੀਆਂ ਵਾਂਗ ਅਮਰੀਕੀ ਫੌਜ ਦੇ ਮਾਲਵਾਹਕ ਜਹਾਜ ਵਿਚ ਤੁੰਨ ਕੇ ਭੇਜਿਆ ਗਿਆ ਸੀ। ਇਨ੍ਹਾਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ।
ਅਮਰੀਕਾ ਵੱਲੋਂ ਗ਼ੈਰਕਾਨੂੰਨੀ ਪ੍ਰਵਾਸੀਆਂ ਦੇ ਦੂਜੇ ਬੈਚ ਨੂੰ ਭਾਰਤ ਡਿਪੋਰਟ ਕਰਨ ਦੀ ਤਿਆਰੀ
