#AMERICA

ਅਮਰੀਕਾ ਵੱਲੋਂ ਏ.ਆਈ. ਚਿੱਪ ਨਿਰਯਾਤ ਸੰਬੰਧੀ ਨਵੇਂ ਨਿਯਮਾਂ ਦਾ ਐਲਾਨ

– 20 ਪ੍ਰਮੁੱਖ ਅਮਰੀਕੀ ਸਹਿਯੋਗੀ ਦੇਸ਼ਾਂ ਲਈ ਚਿੱਪ ਨਿਰਯਾਤ ‘ਤੇ ਨਹੀਂ ਹੋਵੇਗੀ ਕੋਈ ਪਾਬੰਦੀ
ਵਾਸ਼ਿੰਗਟਨ, 17 ਜਨਵਰੀ (ਪੰਜਾਬ ਮੇਲ)-ਅਮਰੀਕਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਲਈ ਵਰਤੀਆਂ ਜਾਣ ਵਾਲੀਆਂ ਐਡਵਾਂਸਡ ਕੰਪਿਊਟਿੰਗ ਚਿੱਪ ਯਾਨੀ ਏ.ਆਈ. ਚਿੱਪ ਦੇ ਨਿਰਯਾਤ ਸੰਬੰਧੀ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਇਸਦਾ ਉਦੇਸ਼ ਸਹਿਯੋਗੀ ਦੇਸ਼ਾਂ ਨੂੰ ਏ.ਆਈ. ਚਿੱਪ ਦੇ ਨਿਰਯਾਤ ਵਿਚ ਰਿਆਇਤ ਦੇਣਾ ਅਤੇ ਚੀਨ ਅਤੇ ਰੂਸ ਵਰਗੇ ਦੇਸ਼ਾਂ ਤੱਕ ਇਸਦੀ ਪਹੁੰਚ ਨੂੰ ਕੰਟਰੋਲ ਕਰਨਾ ਹੈ। ਅਮਰੀਕੀ ਸਰਕਾਰ ਦੇ ਇਸ ਫੈਸਲੇ ਦੇ ਅਨੁਸਾਰ, ਦੱਖਣੀ ਕੋਰੀਆ ਸਮੇਤ 20 ਪ੍ਰਮੁੱਖ ਅਮਰੀਕੀ ਸਹਿਯੋਗੀਆਂ ਅਤੇ ਭਾਈਵਾਲਾਂ ਨੂੰ ਕਿਸੇ ਵੀ ਚਿੱਪ ਦੇ ਨਿਰਯਾਤ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਦੂਜੇ ਪਾਸੇ ਰੂਸ ਅਤੇ ਚੀਨ ਵਰਗੇ ਦੇਸ਼ਾਂ ਲਈ ਨਵੇਂ ਨਿਯਮਾਂ ਨਾਲ ਉਨ੍ਹਾਂ ਦੀ ਕੰਪਿਊਟਿੰਗ ਸ਼ਕਤੀ ਦੀ ਸੀਮਾ ਨਿਰਧਾਰਤ ਕਰ ਦਿੱਤੀ ਗਈ ਹੈ। ਅਮਰੀਕਾ ਦੇ ਇਸ ਕਦਮ ਤੋਂ ਚੀਨ ਨਾਰਾਜ਼ ਹੈ, ਕਿਉਂਕਿ ਉਹ ਵੱਡੀ ਗਿਣਤੀ ਵਿਚ ਚਿੱਪ ਆਯਾਤ ਕਰਦਾ ਹੈ। ਉਥੇ ਹੀ ਇਸ ਵਿਚ ਚਿੰਤਾ ਵਾਲੀ ਗੱਲ ਇਹ ਹੈ ਕਿ ਭਾਰਤ ਦਾ ਨਾਮ ਉਨ੍ਹਾਂ 20 ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਨਹੀਂ ਹੈ, ਜਿਨ੍ਹਾਂ ਲਈ ਅਮਰੀਕਾ ਨੇ ਚਿੱਪ ਨਿਰਯਾਤ ਖੁੱਲ੍ਹਾ ਰੱਖਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਨੇ ਆਸਟ੍ਰੇਲੀਆ, ਇਟਲੀ, ਬੈਲਜੀਅਮ, ਬ੍ਰਿਟੇਨ, ਕੈਨੇਡਾ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਜਾਪਾਨ, ਨੀਦਰਲੈਂਡ, ਨਿਊਜ਼ੀਲੈਂਡ, ਨਾਰਵੇ, ਦੱਖਣੀ ਕੋਰੀਆ, ਸਪੇਨ, ਸਵੀਡਨ, ਤਾਈਵਾਨ ਨੂੰ ਨਵੀਆਂ ਪਾਬੰਦੀਆਂ ਤੋਂ ਛੋਟ ਦਿੱਤੀ ਹੈ। ਇਸ ਸੂਚੀ ਵਿੱਚ ਭਾਰਤ ਦਾ ਨਾਮ ਨਹੀਂ ਹੈ। ਆਖ਼ਿਰਕਾਰ ਅਮਰੀਕਾ ਭਾਰਤ ਨਾਲ ਇੰਨਾ ਮਤਰੇਈ ਮਾਂ ਵਾਲਾ ਸਲੂਕ ਕਿਵੇਂ ਕਰ ਸਕਦਾ ਹੈ? ਇਹ ਸਵਾਲ ਉਦੋਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਅਮਰੀਕਾ ਭਾਰਤ ਨੂੰ ਆਪਣਾ ਮਹੱਤਵਪੂਰਨ ਭਾਈਵਾਲ ਦੱਸਦਾ ਹੈ। ਇਹ ਫੈਸਲਾ ਜੋਅ ਬਿਡੇਨ ਨੇ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਕੁੱਝ ਦਿਨ ਪਹਿਲਾਂ ਲਿਆ ਹੈ। ਉਥੇ ਹੀ ਅਧਿਕਾਰਤ ਸੂਤਰਾਂ ਮੁਤਾਬਕ ਭਾਰਤ ਏ.ਆਈ. ਚਿੱਪ ਨਿਰਯਾਤ ‘ਤੇ ਪਾਬੰਦੀ ਲਗਾਉਣ ਦੇ ਅਮਰੀਕੀ ਪ੍ਰਸਤਾਵ ਦੇ ਪ੍ਰਭਾਵ ਦਾ ਮੁਲਾਂਕਣ ਕਰ ਰਿਹਾ ਹੈ। ਇਸ ਕਦਮ ਦਾ ਇੱਥੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਵਿਕਾਸ ‘ਤੇ ਅਸਰ ਪੈ ਸਕਦਾ ਹੈ।