ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਤੋਂ ਬਚਣ ਦੀ ਸਲਾਹ; ਐਡਵਾਈਜ਼ਰੀ ਜਾਰੀ

128
Share

ਵਾਸ਼ਿੰਗਟਨ, 21 ਅਪ੍ਰੈਲ (ਪੰਜਾਬ ਮੇਲ)- ਭਾਰਤ ’ਚ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਹੁਣ ਅਮਰੀਕਾ ਨੇ ਵੀ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਅਮਰੀਕਾ ਦੇ ਰੋਗ ਨਿਯੰਤਰਨ ਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕਿਹਾ ਹੈ ਕਿ ਕੋਵਿਡ-19 ਮਾਮਲਿਆਂ ਵਿਚ ਵਾਧੇ ਵਿਚਕਾਰ ਯਾਤਰੀਆਂ ਨੂੰ ਭਾਰਤ ’ਚ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ। ਸੀ.ਡੀ.ਸੀ. ਨੇ ਨਿਰਦੇਸ਼ ਦੇ ਨਾਲ ਕਿਹਾ ਹੈ ਕਿ ਪੂਰੀ ਤਰ੍ਹਾਂ ਨਾਲ ਟੀਕਾ ਲਗਾਏ ਗਏ ਯਾਤਰੀਆਂ ਨੂੰ ਵੀ ਕੋਰੋਨਾ ਦੇ ਨਵੇਂ ਵੈਰੀਏਂਟ ਤੇ ਲਾਗ ਦੇ ਪ੍ਰਸਾਰ ਦਾ ਜ਼ੋਖ਼ਮ ਹੋ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਭਾਰਤ ਵਿਚ ਕਿਸੇ ਵੀ ਤਰ੍ਹਾਂ ਦੀ ਯਾਤਰਾ ਤੋਂ ਬਚਣਾ ਚਾਹੀਦਾ ਹੈ। ਸੀ.ਡੀ.ਸੀ. ਅਨੁਸਾਰ ਜੇਕਰ ਭਾਰਤ ਜਾਣਾ ਬੇਹੱਦ ਜ਼ਰੂਰੀ ਹੋਵੇ, ਤਾਂ ਦੋਵੇਂ ਟੀਕੇ ਲਗਵਾ ਕੇ ਹੀ ਜਾਓ।
ਕਾਬਿਲੇਗ਼ੌਰ ਹੈ ਕਿ ਭਾਰਤ ’ਚ ਕੋਰੋਨਾ ਮਹਾਮਾਰੀ ਦੇ ਖ਼ਤਰਨਾਕ ਪੱਧਰ ’ਤੇ ਪਹੁੰਚਣ ਨਾਲ ਆਲਮੀ ਭਾਈਚਾਰਾ ਵੀ ਚਿੰਤਾ ’ਚ ਹੈ। ਕਈ ਦੇਸ਼ਾਂ ਨੇ ਭਾਰਤ ਤੋਂ ਆਉਣ-ਜਾਣ ਵਾਲਿਆਂ ਲਈ ਆਪਣੀਆਂ ਹੱਦਾਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸਭ ਤੋਂ ਪਹਿਲਾਂ ਬ੍ਰਿਟੇਨ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਗ਼ੈਰ-ਬ੍ਰਿਟਿਸ਼ ਨਾਗਰਿਕਾਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਰੂਸ ਨੇ ਵੀ ਭਾਰਤ ’ਚ ਵੀਜ਼ਾ ਦੇਣ ਦੀ ਪ੍ਰਕਿਰਿਆ ਕੁਝ ਦਿਨਾਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਉੱਥੇ ਹੀ, ਅਮਰੀਕਾ ਨੇ ਵੀਜ਼ਾ ਇੰਟਰਵਿਊਜ਼ ’ਤੇ ਰੋਕ ਲਗਾ ਦਿੱਤੀ ਹੈ। ਹਾਂਗਕਾਂਗ, ਪਾਕਿਸਤਾਨ ਵਰਗੇ ਕਈ ਛੋਟੇ ਦੇਸ਼ਾਂ ਨੇ ਵੀ ਭਾਰਤ ਤੋਂ ਆਉਣ ਵਾਲਿਆਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਦੇਸ਼ਾਂ ਦਾ ਇਹ ਕਦਮ ਸਿਵਲ ਏਵੀਏਸ਼ਨ ਕੰਪਨੀਆਂ ਲਈ ਵੀ ਮਹਿੰਗਾ ਸਾਬਿਤ ਹੋ ਸਕਦਾ ਹੈ। ਬ੍ਰਿਟੇਨ ਦੇ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਉਨ੍ਹਾਂ ਦੇਸ਼ਾਂ ਦੀ ਰੈੱਡ ਲਿਸਟ ਜਾਰੀ ਕੀਤੀ ਹੈ ਜਿੱਥੋਂ ਜੇਕਰ ਕੋਈ ਵੀ ਵਿਅਕਤੀ ਪਿਛਲੇ 10 ਦਿਨਾਂ ਦੇ ਅੰਦਰ ਗਿਆ ਹੈ ਜਾਂ ਰਿਹਾ ਹੈ, ਤਾਂ ਉਸ ਨੂੰ ਬ੍ਰਿਟੇਨ ਨਹੀਂ ਆਉਣ ਦਿੱਤਾ ਜਾਵੇਗਾ। ਇਸ ਨਿਯਮ ’ਚ ਸਿਰਫ਼ ਬ੍ਰਿਟਿਸ਼ ਨਾਗਰਿਕ ਨੂੰ ਛੋਟ ਹੈ ਪਰ ਉਨ੍ਹਾਂ ਨੂੰ ਬ੍ਰਿਟੇਨ ਪਹੁੰਚਣ ’ਤੇ 10 ਦਿਨਾਂ ਤੱਕ ਪਹਿਲਾਂ ਤੋਂ ਨਿਰਧਾਰਤ ਹੋਟਲ ’ਚ ਕੁਆਰੰਟਾਈਨ ਹੋਣਾ ਪਵੇਗਾ। ਭਾਰਤੀ ਯਾਤਰਾਂ ਲਈ ਇਹ ਨਿਯਮ 23 ਅਪ੍ਰੈਲ ਤੋਂ ਲਾਗੂ ਹੋਵੇਗਾ। ਬ੍ਰਿਟਿਨ ਸਰਕਾਰ ਨੇ ਇਹ ਫ਼ੈਸਲਾ ਪੀ.ਐੱਮ. ਬੋਰਿਸ ਜੌਨਸਨ ਦੀ ਭਾਰਤ ਯਾਤਰਾ ਰੱਦ ਹੋਣ ਦੇ ਕੁਝ ਹੀ ਘੰਟੇ ਬਾਅਦ ਲਿਆ ਹੈ।


Share