#AMERICA

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਲਈ ਭਾਰਤ ਯਾਤਰਾ ਸੰਬੰਧੀ ਐਡਵਾਈਜ਼ਰੀ ਜਾਰੀ

-ਨਾਗਰਿਕਾਂ ਨੂੰ ਮਨੀਪੁਰ, ਜੰਮੂ ਕਸ਼ਮੀਰ, ਭਾਰਤ-ਪਾਕਿ ਸਰਹੱਦ ਅਤੇ ਕੇਂਦਰੀ ਤੇ ਪੂਰਬੀ ਭਾਰਤ ‘ਚ ਜਾਣ ਤੋਂ ਵਰਜਿਆ
ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)-ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਮਨੀਪੁਰ, ਜੰਮੂ ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ ਅਤੇ ਭਾਰਤ ਦੇ ਕੇਂਦਰੀ ਤੇ ਪੂਰਬੀ ਹਿੱਸਿਆਂ ਜਿੱਥੇ ਕਿ ਨਕਸਲਵਾਦੀ ਸਰਗਰਮ ਹਨ, ਵਿਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ। ਭਾਰਤ ਲਈ ਜਾਰੀ ਕੀਤੀ ਨਵੀਂ ਐਡਵਾਈਜ਼ਰੀ ਵਿਚ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਉੱਤਰ-ਪੂਰਬੀ ਸੂਬਿਆਂ ਦੇ ਹਾਲਾਤ ਬਾਰੇ ਜਾਣਕਾਰੀ ਦੇਣ ਲਈ ਇਹ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ, ”ਅਪਰਾਧ ਤੇ ਅੱਤਵਾਦੀ ਕਾਰਨ ਭਾਰਤ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਕੁਝ ਇਲਾਕਿਆਂ ਵਿਚ ਖ਼ਤਰਾ ਵਧ ਗਿਆ ਹੈ।” ਸਮੁੱਚੇ ਭਾਰਤ ਨੂੰ ਲੈਵਲ 2 ‘ਤੇ ਰੱਖਿਆ ਗਿਆ ਹੈ ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਜੰਮੂ ਕਸ਼ਮੀਰ, ਭਾਰਤ-ਪਾਕਿਸਤਾਨ ਸਰਹੱਦ, ਮਨੀਪੁਰ ਅਤੇ ਕੇਂਦਰੀ ਤੇ ਪੂਰਬੀ ਭਾਰਤ ਦੇ ਵੱਖ-ਵੱਖ ਹਿੱਸਿਆਂ ਨੂੰ ਲੈਵਲ 4 ‘ਤੇ ਰੱਖਿਆ ਗਿਆ ਹੈ।
ਵਿਦੇਸ਼ ਵਿਭਾਗ ਨੇ ਕਿਹਾ ਹੈ, ”ਅੱਤਵਾਦੀ ਤੇ ਅਸ਼ਾਂਤੀ ਕਾਰਨ ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ (ਪੂਰਬੀ ਲੱਦਾਖ਼ ਖੇਤਰ ਤੇ ਇਸ ਦੀ ਰਾਜਧਾਨੀ ਲੇਹ ਨੂੰ ਛੱਡ ਕੇ) ਦੀ ਯਾਤਰਾ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਸਰਹੱਦ ‘ਤੇ ਚੱਲ ਰਹੇ ਫੌਜੀ ਸੰਘਰਸ਼ ਕਾਰਨ ਇਸ ਦੇ 10 ਕਿਲੋਮੀਟਰ ਦੇ ਦਾਇਰੇ ਅੰਦਰ, ਅੱਤਵਾਦ ਕਾਰਨ ਕੇਂਦਰੀ ਅਤੇ ਪੂਰਬੀ ਭਾਰਤ ਦਾ ਸਫ਼ਰ ਨਾ ਕੀਤਾ ਜਾਵੇ ਅਤੇ ਹਿੰਸਾ ਤੇ ਅਪਰਾਧ ਕਾਰਨ ਮਨੀਪੁਰ ਦੀ ਯਾਤਰਾ ਨਾ ਕੀਤੀ ਜਾਵੇ।”