ਵਾਸ਼ਿੰਗਟਨ ਡੀ.ਸੀ., 21 ਜਨਵਰੀ (ਪੰਜਾਬ ਮੇਲ)- ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਫਰਵਰੀ 2026 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਸਿਵਾਏ ਇੱਕ-ਅੱਧ ਕੈਟਾਗਰੀ ਦੇ, ਅਮਰੀਕਾ ਦੇ ਪਰਿਵਾਰਕ ਵੀਜ਼ਿਆਂ ਵਿਚ ਪਿਛਲੇ ਲੰਮੇ ਸਮੇਂ ਤੋਂ ਕੋਈ ਹਿਲਜੁੱਲ ਦੇਖਣ ਨੂੰ ਨਹੀਂ ਮਿਲ ਰਹੀ, ਜਿਸ ਕਰਕੇ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਸਪਾਂਸਰ ਕੀਤਾ ਹੈ, ਉਨ੍ਹਾਂ ਵਿਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।
ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਫਰਵਰੀ 2026 ਦੇ ਜਾਰੀ ਕੀਤੇ ਵੀਜ਼ਾ ਬੁਲੇਟਿਨ ਵਿਚ ਵੀ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਕਿਸੇ ਵੀ ਕੈਟਾਗਰੀ ‘ਚ ਕੋਈ ਵੀ ਹਿੱਲਜੁੱਲ ਦੇਖਣ ਨੂੰ ਨਹੀਂ ਮਿਲੀ। ਸਿਰਫ ਪਰਿਵਾਰਕ ਸਪਾਂਸਰਡ ਵੀਜ਼ਾ ਅਰਜ਼ੀਆਂ ਭਰਨ ਦੀਆਂ ਤਰੀਖਾਂ ਲਈ F-2A ਕੈਟਾਗਰੀ ‘ਚ ਹੀ 1 ਮਹੀਨੇ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਜਿੱਥੇ ਅਮਰੀਕਾ ਨੇ ਗੈਰ ਕਾਨੂੰਨੀ ਲੋਕਾਂ ਦਾ ਬਾਰਡਰ ਤੋਂ ਲਾਂਘਾ ਬੰਦ ਕਰ ਦਿੱਤਾ ਹੈ, ਉਥੇ ਹੁਣ ਕਾਨੂੰਨੀ ਤੌਰ ‘ਤੇ ਆ ਰਹੇ ਪ੍ਰਵਾਸੀਆਂ ਨੂੰ ਵੀ ਰੋਕਿਆ ਜਾਣ ਲੱਗ ਪਿਆ ਹੈ। ਫਰਵਰੀ 2026 ਦਾ ਵੀਜ਼ਾ ਬੁਲੇਟਿਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਕੈਟਾਗਰੀ ਵਿਚ ਕੋਈ ਵੀ ਹਿੱਲਜੁੱਲ ਨਹੀਂ ਹੋਈ।
ਫਾਈਨਲ ਐਕਸ਼ਨ ਡੇਟ ਵਿਚ F-1 ਕੈਟਾਗਰੀ ‘ਚ ਆਉਂਦੇ ਅਮਰੀਕਨ ਸਿਟੀਜ਼ਨ ਦੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚੇ, ਉਨ੍ਹਾਂ ਦੀ ਸਮਾਂ ਸੂਚੀ 8 ਨਵੰਬਰ, 2016 ਚੱਲ ਰਹੀ ਹੈ।
ਗਰੀਨ ਕਾਰਡ ਹੋਲਡਰ ਪਤੀ-ਪਤਨੀ ਦੇ 21 ਸਾਲ ਤੋਂ ਘੱਟ ਬੱਚੇ, ਜਿਹੜੇ ਕਿ F-2A ਕੈਟਾਗਰੀ ‘ਚ ਆਉਂਦੇ ਹਨ, ਉਨ੍ਹਾਂ ਦੀ ਤਰੀਕ 1 ਫਰਵਰੀ, 2024 ਹੈ।
ਗਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ 21 ਸਾਲ ਤੋਂ ਵੱਧ ਉਮਰ ਦੇ ਬੱਚੇ, ਜੋ ਕਿ F-2B ਕੈਟਾਗਰੀ ਨਾਲ ਸੰਬੰਧਤ ਹਨ, ਅਰਜ਼ੀਕਾਰਾਂ ਦੀ ਉਡੀਕ ਮਿਤੀ ਇਸ ਵੇਲੇ 1 ਦਸੰਬਰ, 2016 ਹੈ।
ਯੂ.ਐੱਸ. ਸਿਟੀਜ਼ਨ ਦੇ ਵਿਆਹੇ ਹੋਏ ਬੱਚੇ ਤੇ ਉਨ੍ਹਾਂ ਦੇ ਅੱਗਿਓਂ ਛੋਟੇ ਬੱਚੇ ਯਾਨੀ ਕਿ F-3 ਕੈਟਾਗਰੀ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਦੀ ਤਰੀਕ 8 ਸਤੰਬਰ, 2011 ਚੱਲ ਰਹੀ ਹੈ।
ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ ‘ਚ ਰਹਿ ਰਹੇ ਆਪਣੇ ਭੈਣਾਂ-ਭਰਾਵਾਂ ਨੂੰ F-4 ਕੈਟਾਗਰੀ ਲਈ ਅਪਲਾਈ ਕੀਤਾ ਹੈ, ਅਤੇ ਭੈਣ-ਭਰਾਵਾਂ ਅਤੇ ਉਨ੍ਹਾਂ ਦੇ ਬੱਚੇ ਜਿਹੜੇ 21 ਸਾਲ ਤੋਂ ਘੱਟ ਹਨ, ਉਨ੍ਹਾਂ ਲਈ ਤਰੀਕ 1 ਨਵੰਬਰ, 2006 ਚੱਲ ਰਹੀ ਹੈ।
ਪਰਿਵਾਰਕ ਸਪਾਂਸਰਡ ਵੀਜ਼ਾ ਅਰਜ਼ੀਆਂ ਭਰਨ ਦੀਆਂ ਤਾਰੀਖਾਂ ਲਈ ਫਰਵਰੀ ਵੀਜ਼ਾ ਬੁਲੇਟਿਨ ਦੀਆਂ ਤਰੀਕਾਂ ਇਸ ਤਰ੍ਹਾਂ ਹਨ :
F-1 ਕੈਟਾਗਰੀ ਲਈ 1 ਸਤੰਬਰ 2017, F-2A ਕੈਟਾਗਰੀ ਲਈ 22 ਜਨਵਰੀ 2026, F-2B ਕੈਟਾਗਰੀ ਲਈ 15 ਮਾਰਚ, 2017, F-3 ਕੈਟਾਗਰੀ ਲਈ 22 ਜੁਲਾਈ, 2012 ਅਤੇ F-4 ਕੈਟਾਗਰੀ ਲਈ 15 ਦਸੰਬਰ, 2006 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਹਨ।
ਅਮਰੀਕਾ ਵੀਜ਼ਾ ਬੁਲੇਟਿਨ; ਲੰਮੇ ਸਮੇਂ ਤੋਂ ਪਰਿਵਾਰਕ ਵੀਜ਼ਾ ਅਰਜ਼ੀਆਂ ‘ਚ ਨਹੀਂ ਹੋ ਰਹੀ ਕੋਈ ਹਿਲਜੁੱਲ

