* ਬਰਾਮਦ ਬੱਚਿਆਂ ਵਿਚ ਇਕ 5 ਮਹੀਨੇ ਦਾ ਬੱਚਾ ਵੀ ਸ਼ਾਮਿਲ
ਸੈਕਰਾਮੈਂਟੋ, ਕੈਲੀਫੋਰਨੀਆ, 9 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਯੁਨਾਈਟਡ ਸਟੇਟਸ ਮਾਰਸ਼ਲ ਸਰਵਿਸ ਦੀ ਅਗਵਾਈ ਵਿਚ ਰਾਸ਼ਟਰੀ ਪੱਧਰ ‘ਤੇ 6 ਹਫਤੇ ਚਲੇ ਆਪਰੇਸ਼ਨ ਦੌਰਾਨ 200 ਲਾਪਤਾ ਬੱਚਿਆਂ ਦੇ ਬਰਾਮਦ ਹੋਣ ਦੀ ਰਿਪੋਰਟ ਹੈ। ਇਨਾਂ ਵਿਚ ਸਭ ਤੋਂ ਛੋਟੀ ਉਮਰ ਦਾ ਇਕ 5 ਮਹੀਨਿਆਂ ਦਾ ਬੱਚਾ ਵੀ ਸ਼ਾਮਿਲ ਹੈ। ਜਸਟਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ 20 ਮਈ ਤੋਂ 24 ਜੂਨ ਦਰਮਿਆਨ ਚਲਾਏ ਆਪਰੇਸ਼ਨ ”ਅਸੀਂ ਤੁਹਾਨੂੰ ਲਭਾਂਗੇ -2 ” ਤਹਿਤ ਕਈ ਬੱਚਿਆਂ ਨੂੰ ਬਹੁਤ ਹੀ ਖਤਰਨਾਕ ਹਾਲਾਤ ਵਿਚੋਂ ਬਚਾਇਆ ਹੈ ਤੇ ਇਨਾਂ ਵਿਚ ਇਕ ਬੱਚਾ ਉਹ ਵੀ ਸ਼ਾਮਿਲ ਹੈ ਜਿਸ ਨੂੰ ਮਾਪਿਆਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਜਦ ਕਿ ਉਨਾਂ ਕੋਲ ਬੱਚੇ ਨੂੰ ਆਪਣੇ ਕੋਲ ਰਖਣ ਦੀ ਇਜਾਜ਼ਤ ਨਹੀਂ ਸੀ। ਅਧਿਕਾਰੀਆਂ ਅਨੁਸਾਰ 123 ਬੱਚਿਆਂ ਨੂੰ ਖਤਰਨਾਕ ਸਥਿੱਤੀਆਂ ਵਿਚੋਂ ਬਚਾਇਆ ਹੈ। 6 ਸੰਘੀ ਜਿਲਿਆਂ ਤੇ ਅਮਰੀਕਾ ਭਰ ਵਿਚ ਵੱਖ ਵੱਖ ਥਾਵਾਂ ‘ਤੇ ਚਲਾਏ ਆਪਰੇਸ਼ਨ ਵਿਚ ਲਾਪਤਾ ਬੱਚਿਆਂ ਬਾਰੇ ਨੈਸ਼ਨਲ ਸੈਂਟਰ ਸਮੇਤ ਸੰਘੀ, ਰਾਜਾਂ ਤੇ ਸਥਾਨਕ ਏਜੰਸੀਆਂ ਨੇ ਹਿੱਸਾ ਲਿਆ। ਨਿਆਂ ਵਿਭਾਗ ਨੇ ਕਿਹਾ ਹੈ ਕਿ ਲਾਪਤਾ ਬੱਚਿਆਂ ਨੂੰ ਲੱਭਣਾ ਇਕ ਵੱਡੀ ਚੁਣੌਤੀ ਹੈ ਕਿਉਂਕਿ ਅਜਿਹੇ ਮਾਮਲਿਆਂ ਵਿੱਚ ਬੱਚਿਆਂ ਦੀ ਸੈਕਸ ਲਈ ਤਸਕਰੀ ਹੋਣ, ਸਰੀਰਕ ਸੋਸ਼ਣ ਹੋਣ ਤੇ ਦਿਮਾਗੀ ਸਿਹਤ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਬਿਆਨ ਅਨੁਸਾਰ ਇਹ ਆਪਰੇਸ਼ਨ ਪੋਰਟਲੈਂਡ ਤੇ ਓਰੇਗੋਨ ਸਮੇਤ ਦੱਖਣੀ ਫਲੋਰਿਡਾ ਦੀਆਂ ਕਈ ਕਾਊਂਟੀਆਂ, ਨਿਊ ਯਾਰਕ ਸ਼ਹਿਰ ਤੇ ਮਿਸ਼ੀਗਨ ਦੇ ਕੁਝ ਹਿੱਸਿਆਂ ਵਿਚ ਚਲਾਇਆ ਗਿਆ।