#AMERICA

ਅਮਰੀਕਾ ਵਿਚ ਹੋਸਟਨ ਦੇ ਡਿਪਟੀ ਦੀ ਘਾਤ ਲਾ ਕੇ ਕੀਤੇ ਹਮਲੇ ਵਿੱਚ ਹੋਈ ਮੌਤ, ਸ਼ੱਕੀ ਦੋਸ਼ੀ ਵਿਰੁੱਧ ”ਕੈਪੀਟਲ ਮਰਡਰ” ਦੇ ਦੋਸ਼ ਆਇਦ

ਸੈਕਰਾਮੈਂਟੋ , ਕੈਲੀਫੋਰਨੀਆ, 15 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਰਾਜ ਟੈਕਸਾਸ ਦੇ ਹੋਸਟਨ ਖੇਤਰ ਦੇ ਇਕ ਡਿਪਟੀ ਦੀ ਉਸ ਉਪਰ ਘਾਤ ਲਾ ਕੇ ਕੀਤੇ ਹਮਲੇ ਵਿਚ ਮੌਤ ਹੋਣ ਦੀ ਖਬਰ ਹੈ। ਲਿਟਲ ਕੇਸਾਰਸ ਪੀਜ਼ਾ ਵਿਖੇ ਇਕ ਮੁਲਾਜ਼ਮ ਉਪਰ ਹਮਲਾ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਬੀਤੀ ਰਾਤ 10 ਵਜੇ ਮੌਕੇ ਉਪਰ ਪੁੱਜੇ। ਚੀਫ ਡਿਪਟੀ ਮਾਈਕ ਲੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਦੋਸ਼ੀ ਜਿਸ ਦੀ ਬਾਅਦ ਵਿਚ ਪਛਾਣ 44 ਸਾਲਾ ਰੋਨਾਲਡ ਪਲਮਰ ਵਜੋਂ ਹੋਈ ਹੈ, ਖਾਣ ਪੀਣ ਲਈ ਮੰਗਵਾਈ ਸਮਗਰੀ ਠੀਕ ਨਾ ਹੋਣ ਕਾਰਨ ਭੜਕ ਉਠਿੱਆ ਤੇ ਉਹ ਲਿਟਲ ਕੇਸਾਰਸ ਪੀਜ਼ਾ ਦੇ ਇਕ ਮੁਲਾਜ਼ਮ ਨੂੰ ਮੰਦਾ ਚੰਗਾ ਬੋਲ ਕੇ ਤੇ ਉਸ ਦੇ ਪਿਸਤੌਲ ਮਾਰ ਕੇ ਫਰਾਰ ਹੋ ਗਿਆ। ਮੁਲਾਜ਼ਮ ਵੱਲੋਂ ਸ਼ੱਕੀ ਦੇ ਵਾਹਣ ਬਾਰੇ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤੇ ਇਲਾਕੇ ਦੀ ਘੇਰਾਬੰਦੀ ਕੀਤੀ। ਡਿਪਟੀ ਫਰਨਾਂਡੋ ਐਸਕੂਏਡਾ ਨੇ ਸ਼ੱਕੀ ਦੀ ਕਾਰ ਮਿਲਣ ‘ਤੇ ਆਪਣੇ ਦੂਸਰੇ ਟੀਮ ਮੈਂਬਰਾਂ ਨੂੰ ਸੂਚਿਤ ਕੀਤਾ। ਲੀ ਅਨੁਸਾਰ ਜਦੋਂ ਡਿਪਟੀ ਫੋਨ ਉਪਰ ਦੂਸਰੇ ਪੁਲਿਸ ਅਫਸਰਾਂ ਨਾਲ ਗੱਲ ਕਰ ਰਿਹਾ ਸੀ ਤਾਂ ਉਸ ਉਪਰ ਘਾਤ ਲਾ ਕੇ ਹਮਲਾ ਕੀਤਾ ਗਿਆ ਜਿਸ ਹਮਲੇ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਕਈ ਗੋਲੀਆਂ ਵੱਜੀਆਂ। 28 ਸਾਲਾ ਐਸਕੂਏਡਾ ਨੂੰ ਇਕ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ। ਐਸਕੂਏਡਾ ਪਿਛਲੇ 5 ਸਾਲਾਂ ਤੋਂ ਸ਼ੈਰਿਫ ਦਫਤਰ ਵਿਖੇ ਤਾਇਨਾਤ ਸੀ। ਹੈਰਿਸ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਪਲਮਰ ਨੂੰ ਸਭ ਤੋਂ ਵਧ ਖਤਰਨਾਕ ਲੋੜੀਂਦੇ ਭਗੌੜਿਆਂ ਦੀ ਸੂਚੀ ਵਿਚ ਸ਼ਾਮਿਲ ਕਰਨ ਉਪਰੰਤ ਕੁਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ”ਕੈਪੀਟਲ ਮਰਡਰ” ਦੇ ਦੋਸ਼ ਆਇਦ ਕੀਤੇ ਗਏ ਹਨ।