* ਹਾਦਸੇ ਉਪਰੰਤ ਕਾਰ ਨੂੰ ਲੱਗੀ ਅੱਗ ਵਿੱਚ ਸੜਣ ਕਾਰਨ ਲਾਸ਼ਾਂ ਦੀ ਪਛਾਣ ਹੋਈ ਅਸੰਭਵ
ਸੈਕਰਾਮੈਂਟੋ, ਕੈਲੀਫੋਰਨੀਆ, 6 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਰਾਜ ਦੇ ਡਲਾਸ ਸ਼ਹਿਰ ਨੇੜੇ ਅਨਾ ਵਿਖੇ ਬੀਤੇ ਦਿਨੀ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 4 ਭਾਰਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮਾਰੇ ਗਏ ਸਾਰੇ ਭਾਰਤੀ ਇਕ ਐਸ ਯੂ ਵੀ ਗੱਡੀ ਵਿਚ ਸਵਾਰ ਸਨ ਤੇ ਉਹ ਬੈਂਟਨਵਿਲੇ, ਅਰਕੰਸਾਸ ਜਾ ਰਹੇ ਸਨ ਜਦੋਂ ਪਿਛੇ ਤੋਂ ਆ ਰਹੇ ਇਕ ਤੇਜ ਰਫਤਾਰ ਟਰੱਕ ਨੇ ਉਨਾਂ ਦੀ ਕਾਰ ਵਿਚ ਟੱਕਰ ਮਾਰ ਦਿੱਤੀ । ਟੱਕਰ ਏਨੀ ਜਬਰਦਸਤ ਸੀ ਕਿ ਉਨਾਂ ਦੀ ਕਾਰ ਅੱਗੇ 3 ਹੋਰ ਵਾਹਣਾਂ ਨਾਲ ਟਕਰਾ ਗਈ। ਟੱਕਰ ਉਪਰੰਤ ਐਸ ਯੂ ਵੀ ਨੂੰ ਅੱਗ ਲੱਗ ਗਈ ਤੇ ਚਾਰੇ ਭਾਰਤੀ ਬੁਰੀ ਤਰਾਂ ਸੜ ਕੇ ਮਰ ਗਏ। ਲਾਸ਼ਾਂ ਏਨੀਆਂ ਸੜ ਚੁੱਕੀਆਂ ਹਨ ਕਿ ਉਨਾਂ ਦਾ ਪਛਾਣ ਕਰਨੀ ਮੁਸ਼ਕਿਲ ਹੈ। ਇਸੇ ਲਈ ਅਧਿਕਾਰੀਆਂ ਨੇ ਕਿਹਾ ਹੈ ਕਿ ਲਾਸ਼ਾਂ ਦੀ ਪਛਾਣ ਵਾਸਤੇ ਡੀ ਐਨ ਏ ਟੈਸਟ ਕੀਤਾ ਜਾਵੇਗਾ। ਅਣ ਅਧਿਕਾਰਤ ਤੌਰ ‘ਤੇ ਮ੍ਰਿਤਕਾਂ ਦੀ ਪਛਾਣ ਆਰੀਅਨ ਰਘੂਨਾਥ ਓਰਮਪੱਟੀ , ਫਾਰੂਕ ਸ਼ੇਖ , ਦਰਸ਼ਿਨੀ ਵਾਸੂਦੇਵਨ ਤੇ ਲੋਕੇਸ਼ ਪਾਲਾਚਰਲਾ ਵਜੋਂ ਹੋਈ ਹੈ। ਆਰੀਅਨ ਓਰਮਪੱਟੀ ਤੇ ਫਾਰੂਕ ਸ਼ੇਖ ਇਹ ਦੋਨੋਂ ਹੈਦਰਾਬਾਦ ਤੋਂ ਹਨ ਜਦ ਕਿ ਦਰਸ਼ਿਨੀ ਵਾਸੂਦੇਵਨ ਤੇ ਲੋਕੇਸ਼ ਪਾਲਾਚਾਰਲਾ ਤਾਮਿਲਨਾਡੂ ਤੋਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੜਕ ਹਾਦਸੇ ਵਿਚ ਮਾਰੇ ਗਏ ਆਰੀਅਨ ਓਰਮਪੱਟੀ ਤੇ ਫਾਰੂਕ ਸ਼ੇਖ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਉਪਰੰਤ ਡਲਾਸ ਤੋਂ ਵਾਪਿਸ ਆ ਰਹੇ ਸਨ ਜਦ ਕਿ ਪਾਲਾਚਾਰਲਾ ਆਪਣੀ ਪਤਨੀ ਨੂੰ ਮਿਲਣ ਲਈ ਬੈਂਟਨਵਿਲੇ ਜਾ ਰਿਹਾ ਸੀ ਤੇ ਦਰਸ਼ਨੀ ਵਾਸੂਦੇਵਨ ਆਪਣੇ ਚਾਚੇ ਨੂੰ ਮਿਲਣ ਲਈ ਅਰਕੰਸਾਸ ਜਾ ਰਹੀ ਸੀ। ਹਾਦਸੇ ਕਾਰਨ ਭਾਰਤੀ ਭਾਈਚਾਰੇ ਵਿਚ ਸੋਗ ਪਾਇਆ ਜਾ ਰਿਹਾ ਤੇ ਉਹ ਇਸ ਗੈਰ ਕੁੱਦਰਤੀ ਮੌਤਾਂ ਕਾਰਨ ਦੁੱਖੀ ਹੈ।