#AMERICA

ਅਮਰੀਕਾ ਵਿਚ ‘ਯੂ’ VISA ਲੈਣ ਲਈ ਧੋਖਾਧੜੀ ਕਰਨ ਦੀ ਸਾਜਿਸ਼ ਰਚਣ ‘ਤੇ ਦੋ Indian ਗ੍ਰਿਫ਼ਤਾਰ

ਵਾਸ਼ਿੰਗਟਨ, 3 ਜਨਵਰੀ (ਪੰਜਾਬ ਮੇਲ)- ਮੈਸੇਚਿਉਸੇਟਸ ਦੇ ਡਿਸਟ੍ਰਿਕਟ ਅਟਾਰਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਦਫਤਰ ‘ਚ 2 ਭਾਰਤੀਆਂ ਦੇ ਕੇਸ ਆਏ ਹਨ, ਜੋ ਕਿ ਅਮਰੀਕਾ ਵਿਚ ਧੋਖੇ ਨਾਲ ‘ਯੂ’ ਵੀਜ਼ਾ ਲੈ ਕੇ ਪੱਕੇ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ।
39 ਸਾਲਾ ਬਲਵਿੰਦਰ ਸਿੰਘ ਅਤੇ 36 ਸਾਲਾ ਰਾਮਭਾਈ ਪਟੇਲ ਨੇ ਇਹ ਸਾਜ਼ਿਸ਼ ਰਚੀ ਕਿ ਆਪਣੇ ਕੰਮ ਦੌਰਾਨ ਆਪਣੇ ਉੱਤੇ ਸਾਜ਼ਿਸ਼ ਤਹਿਤ ਹਥਿਆਰਬੰਦ ਹਮਲਾ ਕਰਵਾਇਆ ਜਾਵੇ, ਤਾਂ ਜੋ ਉਨ੍ਹਾਂ ਨੂੰ ਅਮਰੀਕਾ ਵਿਚ ‘ਯੂ’ ਵੀਜ਼ਾ ਲੈਣ ਲਈ ਆਸਾਨੀ ਹੋ ਸਕੇ।
ਰਾਮਭਾਈ ਪਟੇਲ ਨੂੰ 13 ਦਸੰਬਰ, 2023 ਨੂੰ ਸਿਆਟਲ ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ ਵਿਚ ਸ਼ੁਰੂਆਤੀ ਪੇਸ਼ੀ ਤੋਂ ਬਾਅਦ, ਉਸਨੂੰ ਸੁਣਵਾਈ ਲਈ ਲੰਬਿਤ ਨਜ਼ਰਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ।
ਇਸੇ ਤਰ੍ਹਾਂ ਬਲਵਿੰਦਰ ਸਿੰਘ ਨੂੰ ਵੀ ਉਸੇ ਦਿਨ ਕੁਈਨਜ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਵਿਚ ਉਸਦੀ ਪਹਿਲੀ ਪੇਸ਼ੀ ਹੋਈ ਸੀ।
ਬਲਵਿੰਦਰ ਸਿੰਘ, ਸੰਘੀ ਅਦਾਲਤ ਵਿਚ ਪੇਸ਼ ਹੋਏ ਅਤੇ ਬਾਅਦ ਵਿਚ ਉਸੇ ਅਦਾਲਤ ਵਿਚ ਪਟੇਲ ਦੇ ਵੀ ਪੇਸ਼ ਹੋਣ ਦੀ ਉਮੀਦ ਹੈ।
ਚਾਰਜਸ਼ੀਟ ਦਸਤਾਵੇਜ਼ਾਂ ਦੇ ਅਨੁਸਾਰ, ਸਿੰਘ ਅਤੇ ਪਟੇਲ ਨੇ ਰਲ ਕੇ ਹਥਿਆਰਬੰਦ ਡਕੈਤੀ ਦੀ ਵਿਊਂਤ ਬਣਾਈ।
ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ‘ਤੇ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਦੀਆਂ ਡਕੈਤੀਆਂ ਦਾ ਮਕਸਦ ‘ਯੂ’ ਵੀਜ਼ਾ ਲੈਣ ਨਾਲ ਸੰਬੰਧਤ ਸੀ। ਪਰ ਇਨ੍ਹਾਂ ਦੇ ਯੋਜਨਾਵਾਂ ਦੀਆਂ ਗੱਲਾਂ ਕੈਮਰੇ ਵਿਚ ਰਿਕਾਰਡ ਹੋ ਗਈਆਂ ਸਨ, ਜਿਸ ਕਰਕੇ ਇਹ ਸ਼ਿਕੰਜੇ ਵਿਚ ਆ ਗਏ। ਕੈਮਰਾ ਦੇਖਣ ‘ਤੇ ਪਾਇਆ ਗਿਆ ਕਿ ਕਿਵੇਂ ਇਹ ਇਸ ਯੋਜਨਾ ਨੂੰ ਨੇਪਰੇ ਚਾੜ੍ਹਨਗੇ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕਾਨੂੰਨ ਅਨੁਸਾਰ ਜੇ ਇਥੇ ਕੋਈ ਵਰਕ ਪਰਮਿਟ ‘ਤੇ ਕੰਮ ਕਰ ਰਿਹਾ ਹੈ ਅਤੇ ਕੰਮ ਦੌਰਾਨ ਉਸ ‘ਤੇ ਕੋਈ ਹਮਲਾ ਹੋ ਜਾਂਦਾ ਹੈ, ਜਾਂ ਉਸ ਦਾ ਮਾਨਸਿਕ ਜਾਂ ਸਰੀਰਕ ਸ਼ੋਸ਼ਣ ਹੁੰਦਾ ਹੈ ਜਾਂ ਉਸ ਨਾਲ ਕੋਈ ਹਿੰਸਕ ਅਪਰਾਧ ਹੁੰਦਾ ਹੈ, ਤਾਂ ਉਹ ‘ਯੂ’ ਵੀਜ਼ਾ ਨਾਨ-ਇੰਮੀਗ੍ਰੇਸ਼ਨ ਸਟੇਟਸ ਲਈ ਅਰਜ਼ੀ ਦੇ ਸਕਦਾ ਹੈ।
ਜੇਕਰ ਇਨ੍ਹਾਂ ਦੇ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਇਨ੍ਹਾਂ ਨੂੰ 5 ਸਾਲ ਦੀ ਕੈਦ ਅਤੇ ਤਿੰਨ ਸਾਲ ਦੀ ਨਿਗਰਾਨੀ ਹੇਠ ਰੱਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਢਾਈ ਲੱਖ ਡਾਲਰ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।