#AMERICA

ਅਮਰੀਕਾ ਵਿਚ ਚੋਰ 200 ਫੁੱਟ ਉੱਚਾ ਰੇਡੀਓ ਟਾਵਰ ਤੇ ਟਰਾਂਸਮੀਟਰ ਲੈ ਗਏ, ਰੇਡੀਓ ਸਟੇਸ਼ਨ ਹੋਇਆ ਬੰਦ

ਸੈਕਰਾਮੈਂਟੋ, ਕੈਲੀਫੋਰਨੀਆ 11 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਅਲਾਬਾਮਾ ਰਾਜ ਵਿਚ ਛੋਟੇ ਜਿਹੇ ਕਸਬੇ ਜਸਪਰ ਵਿਖੇ 70 ਸਾਲ ਤੋਂ ਵਧ ਸਮਾਂ ਪਹਿਲਾਂ ਸਥਾਪਿਤ ਰੇਡੀਓ ਸਟੇਸ਼ਨ ਦਾ 200 ਫੁੱਟ ਉੱਚਾ ਟਾਵਰ ਤੇ ਟਰਾਂਸਮੀਟਰ ਚੋਰੀ ਹੋ ਜਾਣ ਦੀ ਖਬਰ ਹੈ। ਡਬਲਯੂ ਜੇ ਐਲ ਐਕਸ ਦੇ ਜਨਰਲ ਮੈਨੇਜਰ ਬਰੈਟ ਏਲਮੋਰ ਨੇ ਕਿਹਾ ਕਿ ਰੇਡੀਓ ਸਟੇਸ਼ਨ ਦਾ ਹਰ ਪੁਰਜਾ ਚੋਰੀ ਕਰ ਲਿਆ ਗਿਆ ਹੈ ਤੇ ਟਾਵਰ ਦੀ ਤਾਰ ਕੱਟ ਦਿੱਤੀ ਗਈ ਹੈ। ਉਨਾਂ ਕਿਹਾ ਮੈ ਸੁਣਿਆ ਸੀ ਕਿ ਇਸ ਖੇਤਰ ਵਿਚ ਚੋਰ ਹਰ ਚੀਜ ਚੋਰੀ ਕਰਕੇ ਲੈ ਜਾਂਦੇ ਹਨ ਪਰੰਤੂ ਮੈਨੂੰ ਇਹ ਆਸ ਨਹੀਂ ਸੀ ਕਿ ਉਹ ਰੇਡੀਓ ਟਾਵਰ ਵੀ ਲਿਜਾ ਸਕਦੇ ਹਨ। ਏਲਮੋਰ ਨੇ ਕਿਹਾ ਕਿ ਉਹ ਸਦਮੇ ਵਿਚ ਹੈ ਕਿ 1950 ਵਿਆਂ ਵਿਚ ਸਥਾਪਿਤ ਕੀਤਾ ਟਾਵਰ ਗਾਇਬ ਹੈ। ਉਨਾਂ ਕਿਹਾ ਕਿ ਏ ਐਮ ਸਟੇਸ਼ਨ ਫਿਲਹਾਲ ਬੰਦ ਹੈ ਜਿਸ ਨੂੰ ਦੁਬਾਰਾ ਚਲਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਸਪਰ ਪੁਲਿਸ ਦੇ ਜਨਤਿਕ ਸੂਚਨਾ ਅਫਸਰ ਰੈਚਲ ਕਾਰ ਨੇ ਕਿਹਾ ਹੈ ਕਿ ਪੁਲਿਸ ਵਿਭਾਗ ਚੋਰੀ ਦੀ ਘਟਨਾ ਦੀ ਜਾਂਚ ਕਰ ਰਿਹਾ ਹੈ।