ਸੈਕਰਾਮੈਂਟੋ,ਕੈਲੀਫੋਰਨੀਆ, 18 ਫਰਵਰੀ (ਹੁਸਨ ਲੜੋਆ ਬੰਗਾ/ ਪੰਜਾਬ ਮੇਲ)- ਬਲਾਊਂਟ ਕਾਊਂਟੀ ਵਿਚ ਗੋਲੀਬਾਰੀ ਕਰਕੇ ਇਕ ਪੁਲਿਸ ਅਫਸਰ ਦੀ ਹੱਤਿਆ ਕਰਨ ਤੇ ਇਕ ਹੋਰ ਨੂੰ ਜਖਮੀ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਸ਼ੱਕੀ ਦੋਸ਼ੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਇਹ ਜਾਣਕਾਰੀ ਬਲਾਊਂਟ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਬੀਤੇ ਹਫਤੇ ਮੈਰੀਵਿਲੇ ਵਿਚ ਇਕ ਟਰੈਫਿਕ ਸਟਾਪ ‘ਤੇ 2 ਪੁਲਿਸ ਅਫਸਰਾਂ ‘ਤੇ ਕਥਿੱਤ ਗੋਲੀਬਾਰੀ ਕਰਨ ਉਪਰੰਤ ਫਰਾਰ ਹੋਏ ਸ਼ੱਕੀ ਦੋਸ਼ੀ ਕੈਨੇਥ ਵੇਨੇ ਡੀਹਰਟ (42) ਦੀ ਭਾਲ ਲਈ ਲਾਅ ਇਨਫੋਰਸਮੈਂਟ ਦੇ 150 ਤੋਂ ਵਧ ਜਵਾਨ ਕੰਮ ਰਹੇ ਸਨ। ਸ਼ੈਰਿਫ ਦਫਤਰ ਅਨੁਸਾਰ ਡੀਹਰਟ ਨੂੰ ਨੋਕਸਵਿਲੇ , ਟੈਨੇਸੀ, ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗੋਲੀਬਾਰੀ ਵਿਚ ਡਿਪਟੀ ਗਰੇਗ ਮਕੋਵਾਨ ਦੀ ਮੌਤ ਹੋ ਗਈ ਸੀ ਤੇ ਦੂਸਰਾ ਡਿਪਟੀ ਸ਼ੈਲਬਾਈ ਈਗਰਜ ਜਖਮੀ ਹੋ ਗਿਆ ਸੀ। ਇਸ ਮਾਮਲੇ ਵਿਚ ਡੀਹਰਟ ਦੇ ਭਰਾ ਤੇ ਮਿਤਰ ਕੁੜੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।