ਵਾਸ਼ਿੰਗਟਨ, 5 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਵੋਟਾਂ ਪੈ ਰਹੀਆਂ ਹਨ। ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਅਤੇ ਡੈਮੋਕਰੈਟਿਕ ਆਗੂ ਕਮਲਾ ਹੈਰਿਸ ਵਿਚਕਾਰ ਫਸਵਾਂ ਮੁਕਾਬਲਾ ਹੈ। ਜੇ ਕਮਲਾ ਹੈਰਿਸ ਚੋਣ ਜਿੱਤਦੀ ਹੈ, ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ।
ਫਲੋਰਿਡਾ ਯੂਨੀਵਰਸਿਟੀ ਦੀ ਇਲੈਕਸ਼ਨ ਲੈਬ ਮੁਤਾਬਕ ਹੁਣ ਤੱਕ 8 ਕਰੋੜ ਦੇ ਕਰੀਬ ਅਮਰੀਕੀਆਂ ਨੇ ਪਹਿਲਾਂ ਹੀ ਆਪਣੀਆਂ ਵੋਟਾਂ ਭੁਗਤਾ ਦਿੱਤੀਆਂ ਹਨ। ਕਮਲਾ ਹੈਰਿਸ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਦੇਸ਼ ਦੀ ਆਜ਼ਾਦੀ ਦੀ ਰੱਖਿਆ, ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਅਤੇ ਮਹਿਲਾਵਾਂ ਦੇ ਹੱਕ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ, ਜਦਕਿ ਟਰੰਪ ਅਮਰੀਕਾ ਨੂੰ ਗ਼ੈਰਕਾਨੂੰਨੀ ਪ੍ਰਵਾਸੀਆਂ ਤੋਂ ਖਹਿੜਾ ਛੁਡਾਉਣ ਤੇ ਅਰਥਚਾਰੇ ਨੂੰ ਲੀਹਾਂ ‘ਤੇ ਲਿਆਉਣ ਦੇ ਵਾਅਦੇ ਕਰ ਰਹੇ ਹਨ। ਸਾਬਕਾ ਰਾਸ਼ਟਰਪਤੀ ਟਰੰਪ ਨੇ 2020 ਚੋਣਾਂ ਦੀਆਂ ਕੌੜੀਆਂ ਯਾਦਾਂ ਦਾ ਮੁੱਦਾ ਮੁੜ ਛੇੜਦਿਆਂ ਕਿਹਾ ਕਿ ਉਸ ਨੂੰ ਵ੍ਹਾਈਟ ਹਾਊਸ ਨਹੀਂ ਛੱਡਣਾ ਚਾਹੀਦਾ ਸੀ। ਇਸ ਨਾਲ ਖ਼ਦਸ਼ਾ ਪੈਦਾ ਹੋ ਗਿਆ ਹੈ ਕਿ ਜੇ ਉਹ ਚੋਣ ਹਾਰ ਜਾਂਦਾ ਹੈ, ਤਾਂ ਉਹ ਨਤੀਜੇ ਨੂੰ ਸਵੀਕਾਰ ਨਾ ਕਰਨ ਦਾ ਆਧਾਰ ਤਿਆਰ ਕਰ ਰਿਹਾ ਹੈ। ਸਾਬਕਾ ਰਾਸ਼ਟਰਪਤੀ ਨੇ ਪੈਨਸਿਲਵੇਨੀਆ ‘ਚ ਰੈਲੀ ਦੌਰਾਨ ਕਿਹਾ, ”ਮੈਨੂੰ ਵ੍ਹਾਈਟ ਹਾਊਸ ਨਹੀਂ ਛੱਡਣਾ ਚਾਹੀਦਾ ਸੀ। ਮੈਂ ਪੂਰੀ ਇਮਾਨਦਾਰੀ ਨਾਲ ਆਖਦਾ ਹਾਂ ਕਿ ਅਸੀਂ ਚੋਣਾਂ ‘ਚ ਵਧੀਆ ਪ੍ਰਦਰਸ਼ਨ ਕੀਤਾ ਸੀ।” ਟਰੰਪ ਨੇ ਮੌਜੂਦਾ ਵੋਟਿੰਗ ਅਮਲ ਪ੍ਰਤੀ ਨਿਰਾਸ਼ਾ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਵੋਟਿੰਗ ਦੌਰਾਨ ਵੋਟਰਾਂ ਦੇ ਪਛਾਣ ਪੱਤਰ ਲਾਜ਼ਮੀ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਆਇਹੋਵਾ ਦੇ ਇਕ ਚੋਣ ਸਰਵੇਖਣ ਮੁਤਾਬਕ ਹੈਰਿਸ ਨੇ ਟਰੰਪ ਖ਼ਿਲਾਫ਼ 44 ਦੇ ਮੁਕਾਬਲੇ 47 ਫ਼ੀਸਦੀ ਦੀ ਲੀਡ ਲੈ ਲਈ ਹੈ।
ਅਮਰੀਕਾ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਅੱਜ; ਟਰੰਪ ਅਤੇ ਕਮਲਾ ‘ਚ ਫਸਵਾਂ ਮੁਕਾਬਲਾ
