ਵਾਸ਼ਿੰਗਟਨ, 4 ਮਾਰਚ (ਪੰਜਾਬ ਮੇਲ)-ਕੈਲੀਫੋਰਨੀਆ ’ਚ ਅਮਰੀਕਾ-ਮੈਕਸੀਕੋ ਸਰਹੱਦ ’ਤੇ ਮੰਗਲਵਾਰ ਤੜਕੇ ਇਕ ਐੱਸ.ਯੂ.ਵੀ. ਅਤੇ ਟਰੈਕਟਰ-ਟਰੇਲਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਵਿਚ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਸ਼ਾਂ ਸੜਕ ਦੇ ਪਾਰ ਪਈਆਂ ਦੇਖੀਆਂ ਗਈਆਂ। ਐੱਸ.ਯੂ.ਵੀ. ’ਚ 25 ਲੋਕ ਸਵਾਰ ਸਨ। ਅਧਿਕਾਰੀਆਂ ਨੇ ਇਸ ਬਾਰੇ ਵਿਚ ਜਾਣਕਾਰੀ ਦਿੱਤੀ।
ਅਧਿਕਾਰੀ ਮਾਮਲੇ ਦੀ ਮਨੁੱਖੀ ਤਸਕਰੀ ਦੇ ਪਹਿਲੂ ਸੰਬੰਧੀ ਜਾਂਚ ਵੀ ਕਰ ਰਹੇ ਹਨ। ਮੈਕਸੀਕੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ’ਚ ਜ਼ਿਆਦਾਤਰ ਮੈਕਸੀਕੋ ਦੇ ਲੋਕ ਹਨ। ਪੁਲਿਸ ਜਦੋਂ ਘਟਨਾ ਸਥਾਨ ’ਤੇ ਪਹੁੰਚੀ ਉਦੋਂ ਕੁਝ ਯਾਤਰੀ ਗੱਡੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਕੁਝ ਲੋਕ ਸੜਕ ਕਿਨਾਰੇ ਮੈਦਾਨ ਵਿਚ ਛਾਣਬੀਣ ਕਰ ਰਹੇ ਸਨ। ਟਰੈਕਟਰ-ਟਰੇਲਰ ਦਾ ਸਾਹਮਣੇ ਦਾ ਕਿਨਾਰਾ ਐੱਸ.ਯੂ.ਵੀ. ਦੇ ਖੱਬੇ ਪਾਸੇ ਲੱਗਿਆ ਸੀ ਅਤੇ ਦੋ ਖਾਲੀ ਟਰੇਲਰ ਉਸ ਦੇ ਪਿੱਛੇ ਜੁੜੇ ਸਨ। ਕੈਲੀਫੋਰਨੀਆ ਹਾਈਵੇ ਗਸ਼ਤੀ ਦਲ ਦੇ ਪ੍ਰਮੁੱਖ ਉਮਰ ਵਾਟਸਨ ਨੇ ਦੱਸਿਆ ਕਿ ਪੁਲਿਸ ਨੇ 12 ਲੋਕ ਮਿ੍ਰਤਕ ਪਾਏ। ਇਕ ਵਿਅਕਤੀ ਦੀ ਮੌਤ ਹਸਪਤਾਲ ’ਚ ਹੋਈ।¿;
ਮੈਕਸੀਕੋ ਦੇ ਵਿਦੇਸ਼ ਵਿਭਾਗ ’ਚ ਉੱਤਰ ਅਮਰੀਕੀ ਮਾਮਲਿਆਂ ਦੇ ਨਿਰਦੇਸ਼ਕ ਰੋਬਰਟੋ ਵੇਲਾਸਕੋ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਊਂਟ ’ਤੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਮਰਨ ਵਾਲਿਆਂ ’ਚ ਘੱਟੋ-ਘੱਟ 10 ਲੋਕ ਮੈਕਸੀਕੋ ਦੇ ਹਨ। ਭਾਵੇਂਕਿ ਕਿਸੇ ਦੀ ਪਛਾਣ ਨਹੀਂ ਦੱਸੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਹੋਣ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇੰਨੇ ਸਾਰੇ ਲੋਕ ਗੱਡੀ ਵਿਚ ਕਿਉਂ ਸਵਾਰ ਸਨ, ਜਦਕਿ ਉਸ ਵਿਚ ਸਿਰਫ 8 ਲੋਕਾਂ ਦੇ ਬੈਠਣ ਦੀ ਜਗ੍ਹਾ ਸੀ।