#AMERICA

ਅਮਰੀਕਾ ਮੈਕਸੀਕੋ ਸਰਹੱਦ ‘ਤੇ 1970 ਤੋਂ ਬਾਅਦ ਗੈਰ ਕਾਨੂੰਨੀ ਲਾਂਘਾ ਸਾਲਾਨਾ ਪੱਧਰ ‘ਤੇ ਡਿਗਿਆ

ਵਾਸ਼ਿੰਗਟਨ ਡੀ.ਸੀ., 8 ਅਕਤੂਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਦੋਂ ਤੋਂ ਦੂਜੀ ਵਾਰ ਸੱਤਾ ਸੰਭਾਲੀ ਹੈ, ਅਮਰੀਕਾ-ਮੈਕਸੀਕੋ ਸਰਹੱਦ ਤੋਂ ਗੈਰ ਕਾਨੂੰਨੀ ਲਾਂਘਾ ਲਗਭਗ ਬੰਦ ਹੋ ਗਿਆ ਹੈ। 1970 ਦਹਾਕੇ ਤੋਂ ਬਾਅਦ ਅਮਰੀਕਾ ਦੀ ਦੱਖਣੀ ਸਰਹੱਦ ‘ਤੇ ਹੁਣ ਤੱਕ ਦੀ ਸਭ ਤੋਂ ਘੱਟ ਸਾਲਾਨਾ ਪੱਧਰ ਗੈਰ ਕਾਨੂੰਨੀ ਕ੍ਰਾਸਿੰਗ ਡਿੱਗ ਗਈ ਹੈ, ਜਦਕਿ ਸਭ ਤੋਂ ਵੱਧ ਘੁਸਪੈਠ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੇ ਕਾਰਜਕਾਲ ਦੌਰਾਨ ਦਰਜ ਕੀਤੀ ਗਈ ਸੀ।
ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੇ ਪਹਿਲੇ 8 ਮਹੀਨਿਆਂ ਦੇ ਕਾਰਜਕਾਲ ਦੌਰਾਨ ਦੱਖਣੀ ਸਰਹੱਦ ‘ਤੇ ਨਿਯੁਕਤ ਬਾਰਡਰ ਪੈਟਰੋਲ ਏਜੰਟਾਂ ਨੇ ਹਰ ਮਹੀਨੇ 9 ਹਜ਼ਾਰ ਤੋਂ ਘੱਟ ਸ਼ੱਕੀਆਂ ਨੂੰ ਹਿਰਾਸਤ ‘ਚ ਲਿਆ ਹੈ, ਜੋ ਕਿ ਸਾਬਕਾ ਰਾਸ਼ਟਰਪਤੀ ਜੋਡ ਬਾਇਡਨ ਦੇ 24 ਘੰਟਿਆਂ ਦੀ ਮਿਆਦ ਦੇ ਬਰਾਬਰ ਹੈ। ਇਹ ਗ੍ਰਿਫ਼ਤਾਰੀਆਂ ਦਿਨੋਂ-ਦਿਨ ਹੋਰ ਘੱਟ ਰਹੀਆਂ ਹਨ, ਅਤੇ ਬਾਰਡਰ ਬਿਲਕੁਲ ਸੁੰਨਸਾਨ ਹੋ ਕੇ ਰਹਿ ਗਏ ਹਨ। ਟਰੰਪ ਪ੍ਰਸ਼ਾਸਨ ਵੱਲੋਂ ਸਰਹੱਦ ‘ਤੇ ਜਿੱਥੇ ਵਿਸ਼ਾਲ ਕੰਧ ਦਾ ਨਿਰਮਾਣ ਕੀਤਾ ਹੈ, ਉਥੇ ਭਾਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ। ਪਹਿਲਾਂ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਬਾਂਡ ਦੇ ਕੇ ਛੱਡ ਦਿੱਤਾ ਜਾਂਦਾ ਸੀ, ਪਰ ਹੁਣ ਇਹ ਵਿਵਸਥਾ ਖਤਮ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ।
ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪ੍ਰਸ਼ਾਸਨ ਦੇ ਅੰਤਿਮ ਦਿਨਾਂ ਵਿਚ ਭਾਵੇਂ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਸੀ, ਪਰ ਟਰੰਪ ਪ੍ਰਸ਼ਾਸਨ ਵੱਲੋਂ ਹੋਈ ਸਖਤੀ ਨੇ ਬਾਰਡਰ ਸੀਲ ਕਰਕੇ ਰੱਖ ਦਿੱਤਾ ਹੈ ਅਤੇ ਗੈਰ ਕਾਨੂੰਨੀ ਲੋਕਾਂ ਨੂੰ ਸੰਯੁਕਤ ਰਾਸ਼ਟਰ ਅਮਰੀਕਾ ਵਿਚ ਆਉਣ ਤੋਂ ਰੋਕਣ ‘ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਇਥੋਂ ਤੱਕ ਕਿ ਰਾਸ਼ਟਰਪਤੀ ਟਰੰਪ ਨੇ ਐਮਰਜੰਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਅਮਰੀਕੀ ਸ਼ਰਣ ਪ੍ਰਣਾਲੀ ਨੂੰ ਵੀ ਬੰਦ ਕਰ ਦਿੱਤਾ। ਅਮਰੀਕਾ ਵਿਚ ਗੈਰ ਕਾਨੂੰਨੀ ਰਹਿਣ ਵਾਲੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਦੇਸ਼ ਨਿਕਾਲਾ ਦੇ ਕੇ ਉਨ੍ਹਾਂ ਨੂੰ ਆਪਣੇ ਮੁਲਕਾਂ ਵਿਚ ਭੇਜਿਆ ਜਾ ਰਿਹਾ ਹੈ। ਗਰੀਨ ਕਾਰਡ ਹੋਲਡਰ, ਜਿਨ੍ਹਾਂ ਨੇ ਕਿ ਇਥੇ ਛੋਟੇ-ਮੋਟੇ ਜੁਰਮ ਕੀਤੇ ਹਨ, ਉਨ੍ਹਾਂ ਵਿਚੋਂ ਵੀ ਬਹੁਤਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਗੈਰ ਕਾਨੂੰਨੀ ਲੋਕਾਂ ਦੀ ਮਦਦ ਕਰਨ ਦੇ ਦੋਸ਼ ਵਜੋਂ ਬਹੁਤ ਸਾਰੇ ਇਮੀਗ੍ਰੇਸ਼ਨ ਜੱਜਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।