ਸੈਨ ਡਿਆਗੋ, 14 ਅਗਸਤ (ਪੰਜਾਬ ਮੇਲ)- ਸੰਯੁਕਤ ਰਾਜ ਅਮਰੀਕਾ ਅਤੇ ਮੈਕਸੀਕੋ ਸਰਹੱਦ ‘ਤੇ ਆਉਣ ਵਾਲੇ ਸਮੇਂ ਵਿਚ ਨਰਮੀ ਹੋਣ ਦੀ ਸੰਭਾਵਨਾ ਹੈ। ਪਿਛਲੇ ਦਿਨੀਂ ਰਾਸ਼ਟਰਪਤੀ ਜੋਅ ਬਾਇਡਨ ‘ਤੇ ਵਿਰੋਧੀ ਪਾਰਟੀ ਦਾ ਦਬਾਅ ਪੈਣ ਕਾਰਨ ਇਥੇ ਸਖਤੀ ਕਰ ਦਿੱਤੀ ਗਈ ਸੀ ਅਤੇ ਬਾਰਡਰ ਟੱਪ ਕੇ ਆਉਣ ਵਾਲੇ ਪ੍ਰਵਾਸੀਆਂ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਗਿਆ ਸੀ। ਇਕ ਰਿਪੋਰਟ ਅਨੁਸਾਰ ਸਰਹੱਦ ਟੱਪ ਕੇ ਆਉਣ ਵਾਲੇ ਲੋਕਾਂ ਵਿਚ 30 ਫੀਸਦੀ ਕਮੀ ਆਈ ਹੈ, ਜਿਸ ਕਰਕੇ ਰਾਸ਼ਟਰਪਤੀ ਜੋਅ ਬਾਇਡਨ ਨੇ ਤਸੱਲੀ ਪ੍ਰਗਟ ਕੀਤੀ ਹੈ। ਉਨ੍ਹਾਂ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ‘ਚ ਬਾਰਡਰ ਟੱਪ ਕੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ।
ਯੂ.ਐੱਸ. ਬਾਰਡਰ ਪੈਟਰੋਲ ਦੁਆਰਾ ਪਿਛਲੇ ਮਹੀਨੇ 57 ਹਜ਼ਾਰ ਪ੍ਰਵਾਸੀਆਂ ਨੂੰ ਬਾਰਡਰ ਟੱਪਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਪਰ ਜੂਨ ਮਹੀਨੇ ਇਸ ਦੀ ਗਿਣਤੀ 84 ਹਜ਼ਾਰ ਸੀ। ਕਰੋਨਾਵਾਇਰਸ ਮਹਾਂਮਾਰੀ ਦੌਰਾਨ ਸਰਹੱਦ ਪਾਰ ਤੋਂ ਵੱਡੀ ਗਿਣਤੀ ਵਿਚ ਲੋਕ ਅਮਰੀਕਾ ਸ਼ਰਨ ਲੈਣ ਲਈ ਪਹੁੰਚ ਗਏ ਸਨ। ਜੇਕਰ ਰੋਜ਼ਾਨਾ ਗ੍ਰਿਫ਼ਤਾਰੀਆਂ 1500 ਤੋਂ ਹੇਠਾਂ ਆਉਂਦੀਆਂ ਹਨ, ਤਾਂ ਸ਼ਰਨ ਹਲਟ ਖਤਮ ਹੋ ਜਾਵੇਗਾ। ਜੇ ਗ੍ਰਿਫ਼ਤਾਰੀਆਂ ਦੀ ਰੋਜ਼ਾਨਾ ਔਸਤ 2500 ਤੱਕ ਪਹੁੰਚ ਜਾਂਦੀ ਹੈ, ਤਾਂ ਬਾਰਡਰ ‘ਤੇ ਮੁੜ ਸਖਤੀ ਹੋ ਸਕਦੀ ਹੈ। ਉਸ ਦੌਰਾਨ ਅਮਰੀਕੀ ਅਧਿਕਾਰੀ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਮਰੀਕਾ ਵਿਚ ਸ਼ਰਨ ਦੇਣ ਤੋਂ ਇਨਕਾਰ ਕਰ ਸਕਦੇ ਹਨ।
ਹੋਮਲੈਂਡ ਸਕਿਓਰਿਟੀ ਵਿਭਾਗ ਅਨੁਸਾਰ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਬਾਰਡਰ ‘ਤੇ ਆਉਣ ਵਾਲੇ ਲੋਕਾਂ ਵਿਚ ਪਹਿਲਾਂ ਨਾਲੋਂ ਕੁੱਲ ਮਿਲਾ ਕੇ 55 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ।