#PUNJAB

ਅਮਰੀਕਾ ਭੇਜਣ ਦੇ ਨਾਂ ‘ਤੇ 16 ਲੱਖ ਦੀ ਠੱਗੀ ਹੇਠ ਮਾਂ-ਪੁੱਤ ਖਿਲਾਫ ਮਾਮਲਾ ਦਰਜ

ਨਵਾਂਸ਼ਹਿਰ, 25 ਨਵੰਬਰ (ਪੰਜਾਬ ਮੇਲ)-ਥਾਣਾ ਐੱਨ.ਆਰ.ਆਈ. ਦੀ ਪੁਲਿਸ ਨੇ ਸੇਵਾਮੁਕਤ ਪੁਲਿਸ ਮੁਲਾਜ਼ਮ ਦੇ ਪੁੱਤਰ ਨੂੰ ਅਮਰੀਕਾ ਭੇਜਣ ਦੇ ਨਾਂ ‘ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਮਾਂ-ਪੁੱਤ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਵਧੀਕ ਡਿਪਟੀ ਡਾਇਰੈਕਟਰ ਜਨਰਲ ਪੁਲਿਸ ਐੱਨ.ਆਰ.ਆਈ. ਵਿੰਗ ਐੱਸ.ਏ.ਐੱਸ. ਨਗਰ ਦੇ ਨੂੰ ਦਿੱਤੀ ਸ਼ਿਕਾਇਤ ਵਿਚ ਸੇਵਾਮੁਕਤ ਪੁਲਿਸ ਮੁਲਾਜ਼ਮ ਦਰਸ਼ਨ ਲਾਲ ਪੁੱਤਰ ਅਰਜਨ ਦਾਸ ਵਾਸੀ ਪਿੰਡ ਥੋਪੀਆ, ਜ਼ਿਲ੍ਹਾ ਐੱਸ.ਬੀ.ਐੱਸ. ਨਗਰ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੀ ਨੌਕਰੀ ਤੋਂ ਮੁਕਤ ਹੋ ਗਿਆ ਹੈ।
ਉਸ ਦੇ 2 ਲੜਕੇ ਅਤੇ ਇਕ ਲੜਕੀ ਹੈ। ਉਹ ਆਪਣੇ ਲੜਕੇ ਸਤਵੀਰ ਸਿੰਘ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ, ਜਿਸ ਸਬੰਧੀ ਉਸ ਦੀ ਗੱਲਬਾਤ ਇੰਦਰਜੀਤ ਸਿੰਘ ਰਾਣਾ ਅਤੇ ਉਸ ਦੀ ਮਾਤਾ ਕ੍ਰਿਸ਼ਨ ਕਾਂਤਾ ਨਾਲ ਹੋਈ, ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ ਅਤੇ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਸਨ। ਉਸ ਨੇ ਦੱਸਿਆ ਕਿ ਲੜਕੇ ਨੂੰ ਅਮਰੀਕਾ ਭੇਜਣ ਦਾ ਸੌਦਾ 40 ਲੱਖ ਰੁਪਏ ‘ਚ ਤੈਅ ਹੋਇਆ ਸੀ, ਜਿਸ ਵਿਚੋਂ ਕੁਝ ਰਕਮ ਐਡਵਾਂਸ ਦੇਣੀ ਸੀ ਅਤੇ ਬਾਕੀ ਰਕਮ ਲੜਕੇ ਦੇ ਵਿਦੇਸ਼ ਪੁੱਜਣ ਤੋਂ ਬਾਅਦ ਦਿੱਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਹਿਮ ਵਿਅਕਤੀਆਂ ਦੀ ਹਾਜ਼ਰੀ ‘ਚ ਉਕਤ ਵਿਅਕਤੀਆਂ ਨੂੰ ਦੋ ਵਾਰ ਕੁੱਲ੍ਹ 16 ਲੱਖ ਰੁਪਏ ਦਿੱਤੇ।
ਉਸ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਉਸ ਦੇ ਲੜਕੇ ਨੂੰ 6 ਜਨਵਰੀ 2024 ਨੂੰ ਦੁਬਈ ਭੇਜ ਦਿੱਤਾ। ਇਸ ਤੋਂ ਬਾਅਦ ਉਸ ਨੂੰ ਇਥੋਪੀਆ ਅਤੇ ਬਾਅਦ ਵਿਚ ਡਕਾਰ ਭੇਜ ਦਿੱਤਾ ਗਿਆ। ਕਰੀਬ ਇਕ ਮਹੀਨਾ ਉੱਥੇ ਰਹਿਣ ਤੋਂ ਬਾਅਦ ਉਸ ਨੂੰ ਭਾਰਤ ਪਰਤਣਾ ਪਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਉਸ ਦੇ ਲੜਕੇ ਨੂੰ ਅਮਰੀਕਾ ਨਹੀਂ ਭੇਜਿਆ ਅਤੇ ਨਾ ਹੀ ਹੁਣ ਪੈਸੇ ਵਾਪਸ ਕਰ ਰਹੇ ਹਨ। ਉਨ੍ਹਾਂ ਵਧੀਕ ਡਿਪਟੀ ਡਾਇਰੈਕਟਰ ਜਨਰਲ ਪੁਲਿਸ ਐੱਨ.ਆਰ.ਆਈ. ਵਿੰਗ ਨੂੰ ਦਿੱਤੀ ਸ਼ਿਕਾਇਤ ਵਿਚ ਉਕਤ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਅਤੇ ਉਸ ਦੀ ਰਕਮ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ।
ਡੀ.ਐੱਸ.ਪੀ. ਪੱਧਰ ਦੇ ਅਧਿਕਾਰੀ ਵੱਲੋਂ ਉਕਤ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ‘ਤੇ ਥਾਣਾ ਨਵਾਂਸ਼ਹਿਰ ਦੀ ਪੁਲਿਸ ਨੇ ਦੋਸ਼ੀ ਇੰਦਰਜੀਤ ਸਿੰਘ ਰਾਣਾ ਪੁੱਤਰ ਰਾਜਿੰਦਰ ਸਿੰਘ ਅਤੇ ਕ੍ਰਿਸ਼ਨਾ ਕਾਂਤਾ ਪਤਨੀ ਰਾਜਿੰਦਰ ਸਿੰਘ ਨੂੰ ਧਾਰਾ 406, 420, 120-ਬੀ ਧਾਰਾ 24 ਇੰਮੀਗ੍ਰੇਸ਼ਨ ਐਕਟ 1983 ਵਾਸੀ ਪਿੰਡ ਸਮੁੰਦੜਾ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।