#AMERICA

ਅਮਰੀਕਾ ਪਿਸ਼ਾਵਰ ਵਿਚਲਾ ਕੌਂਸਲਖ਼ਾਨਾ ਪੱਕੇ ਤੌਰ ‘ਤੇ ਬੰਦ ਕਰੇਗਾ

ਵਾਸ਼ਿੰਗਟਨ, 13 ਮਾਰਚ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਪਾਕਿਸਤਾਨ ਦੇ ਪਿਸ਼ਾਵਰ ਵਿਚ ਸਥਿਤ ਆਪਣੇ ਕੌਂਸਲਖ਼ਾਨੇ ਨੂੰ ਪੱਕੇ ਤੌਰ ‘ਤੇ ਬੰਦ ਕਰ ਰਿਹਾ ਹੈ। ਇਹ ਅਫ਼ਗਾਨਿਸਤਾਨ ਦੀ ਸਰਹੱਦ ਦਾ ਸਭ ਤੋਂ ਨਜ਼ਦੀਕੀ ਅਮਰੀਕੀ ਸਫ਼ਾਰਤੀ ਮਿਸ਼ਨ ਸੀ। 2001 ਵਿਚ ਅਫ਼ਗਾਨਿਸਤਾਨ ‘ਤੇ ਹੋਏ ਹਮਲੇ ਤੋਂ ਪਹਿਲਾਂ, ਉਸ ਦੌਰਾਨ ਅਤੇ ਬਾਅਦ ਵਿਚ ਅਮਰੀਕਾ ਲਈ ਇਹ ਕਾਰਜਾਂ ਅਤੇ ਸੈਨਿਕ ਯੋਜਨਾਬੰਦੀ ਦਾ ਮੁੱਖ ਕੇਂਦਰ ਰਿਹਾ ਹੈ। ਵਿਦੇਸ਼ ਵਿਭਾਗ ਨੇ ਇਸ ਹਫ਼ਤੇ ਅਮਰੀਕੀ ਕਾਂਗਰਸ ਨੂੰ ਇਸ ਫੈਸਲੇ ਦੀ ਸੂਚਨਾ ਦਿੱਤੀ। ਮਿਲੀ ਜਾਣਕਾਰੀ ਮੁਤਾਬਕ, ਇਸ ਕੌਂਸਲਖ਼ਾਨੇ ਨੂੰ ਬੰਦ ਕਰਨ ਨਾਲ ਸਾਲਾਨਾ 75 ਲੱਖ ਅਮਰੀਕੀ ਡਾਲਰ ਦੀ ਬਚਤ ਹੋਵੇਗੀ। ਵਿਭਾਗ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਪਾਕਿਸਤਾਨ ਵਿਚ ਅਮਰੀਕੀ ਕੌਮੀ ਹਿੱਤਾਂ ਨੂੰ ਅੱਗੇ ਵਧਾਉਣ ਦੀ ਸਮਰੱਥਾ ‘ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਇਹ ਕਦਮ ਇੱਕ ਸਾਲ ਤੋਂ ਵੱਧ ਸਮੇਂ ਤੋਂ ਵਿਚਾਰ ਅਧੀਨ ਸੀ, ਕਿਉਂਕਿ ਟਰੰਪ ਪ੍ਰਸ਼ਾਸਨ ਨੇ ਲਗਪਗ ਸਾਰੀਆਂ ਫੈਡਰਲ ਏਜੰਸੀਆਂ ਦਾ ਆਕਾਰ ਘਟਾਉਣਾ ਸ਼ੁਰੂ ਕੀਤਾ ਹੋਇਆ ਹੈ। ਅਮਰੀਕਾ ਨੇ ਸਾਫ਼ ਕੀਤਾ ਹੈ ਕਿ ਇਸ ਫ਼ੈਸਲੇ ਦਾ ਇਰਾਨ ਜੰਗ ਨਾਲ ਕੋਈ ਸਰੋਕਾਰ ਨਹੀਂ ਹੈ।