ਮੋਦੀ ਵੱਲੋਂ ਭਾਰਤੀ ਇਤਿਹਾਸ ਨਾਲ ਜੁੜੀਆਂ ਵਸਤਾਂ ਵਾਪਸ ਕਰਨ ‘ਚ ਸਹਾਇਤਾ ਕਰਨ ‘ਤੇ ਬਾਇਡਨ ਦਾ ਧੰਨਵਾਦ
ਵਾਸ਼ਿੰਗਟਨ, 23 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ 297 ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ ਹਨ, ਜੋ ਕਿ ਸੱਭਿਆਚਾਰਕ ਜਾਇਦਾਦ ਦੀ ਨਾਜਾਇਜ਼ ਤਸਕਰੀ ਵਿਰੁੱਧ ਲੜਾਈ ਵਿਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਇਆ ਹੈ। ਮੋਦੀ ਨੇ ਸਦੀਆਂ ਤੋਂ ਭਾਰਤੀ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੀਆਂ ਇਨ੍ਹਾਂ ਅਨਮੋਲ ਵਸਤਾਂ ਦੀ ਵਾਪਸੀ ਵਿਚ ਸਹਾਇਤਾ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਅਮਰੀਕੀ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਤਾਜ਼ਾ ਰਿਕਵਰੀ ਨਾਲ 2014 ਤੋਂ ਭਾਰਤ ਨੂੰ ਵਾਪਸ ਕੀਤੀਆਂ ਪੁਰਾਤਨ ਵਸਤਾਂ ਦੀ ਕੁੱਲ ਸੰਖਿਆ 640 ਹੋ ਗਈ ਹੈ, ਜਿਸ ਵਿਚ 578 ਇਕੱਲੇ ਅਮਰੀਕਾ ਤੋਂ ਆਏ ਹਨ, ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਸੀ, ਜਿਨਾਂ ਵਿਚ ਕੁਝ ਮਹੱਤਵਪੂਰਨ ਟੁਕੜਿਆਂ ਵਿਚ ਰੇਤਲੇ ਪੱਥਰ ਵਿਚ 10ਵੀਂ ਸਦੀ ਦੀ ਅਪਸਰਾ, 15ਵੀਂ ਸਦੀ ਦਾ ਕਾਂਸੀ ਦਾ ਜੈਨ ਤੀਰਥੰਕਰ ਅਤੇ ਪੂਰਬੀ ਭਾਰਤ ਤੋਂ ਤੀਜੀ ਸਦੀ ਦਾ ਟੈਰਾਕੋਟਾ ਫੁੱਲਦਾਨ ਸ਼ਾਮਲ ਹੈ। ਇਨ੍ਹਾਂ ਕਲਾਕ੍ਰਿਤੀਆਂ ਦੀ ਵਾਪਸੀ ਭਾਰਤ ਦੀ ਆਪਣੀ ਚੋਰੀ ਹੋਈ ਵਿਰਾਸਤ ਨੂੰ ਮੁੜ ਹਾਸਲ ਕਰਨ ਦੇ ਵਿਆਪਕ ਯਤਨਾਂ ਦਾ ਹਿੱਸਾ ਹੈ। ਮੋਦੀ ਦੇ ਅਮਰੀਕਾ ਦੇ ਪਿਛਲੇ ਦੌਰਿਆਂ ਵਿਚ 2021 ਵਿਚ 157 ਅਤੇ 2023 ਵਿਚ 105 ਪੁਰਾਤਨ ਵਸਤਾਂ ਸਮੇਤ ਕਈ ਵਸਤੂਆਂ ਦੀ ਪਹਿਲੇ ਵੀ ਵਾਪਸੀ ਵੀ ਹੋਈ ਹੈ। ਅਮਰੀਕਾ ਤੋਂ ਇਲਾਵਾ, ਭਾਰਤ ਨੇ ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਵੀ ਕਲਾਕ੍ਰਿਤੀਆਂ ਬਰਾਮਦ ਕੀਤੀਆਂ ਹਨ।