#AMERICA

ਅਮਰੀਕਾ ਨੇ ਸਵੈ-ਇੱਛਾ ਦੇਸ਼ ਨਿਕਾਲੇ ਦੀ ਅਦਾਇਗੀ ਵਧਾ ਕੇ $3000 ਕੀਤੀ

ਵਾਸ਼ਿੰਗਟਨ ਡੀ.ਸੀ., 24 ਦਸੰਬਰ (ਪੰਜਾਬ ਮੇਲ)- ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੰਮੀਗ੍ਰੇਸ਼ਨ ਕਰੈਕਡਾਊਨ ਨੂੰ ਤੇਜ਼ ਕਰਨ ਲਈ ਇਕ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਰਹਿ ਰਹੇ ਲੋਕਾਂ ਨੂੰ ਦਸੰਬਰ 31, 2025 ਤੱਕ ਅਮਰੀਕਾ ਛੱਡਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਉਨ੍ਹਾਂ ਲੋਕਾਂ ਨੂੰ 3000 ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ।
ਜੋ ਲੋਕ 2026 ਤੋਂ ਪਹਿਲਾਂ ਆਨਲਾਈਨ ਐਪ ਰਾਹੀਂ ਅਮਰੀਕਾ ਛੱਡਣ ਲਈ ਸਾਈਨਅੱਪ ਕਰਦੇ ਹਨ, ਤਾਂ ਉਹ ਇਹ ਰਾਸ਼ੀ ਲੈਣ ਦੇ ਹੱਕਦਾਰ ਹੋਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਮੁਫਤ ਫਲਾਈਟ ਵੀ ਮਿਲ ਸਕਦੀ ਹੈ। ਇਸ ਸਕੀਮ ਨੂੰ ਸਥਾਨਕ ਅਧਿਕਾਰੀਆਂ ਨੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀ ਇਕ ਨਿਊਜ਼ ਰਿਲੀਜ਼ ਵਿਚ ਛੁੱਟੀਆਂ ਦਾ ਵਜ਼ੀਫਾ ਕਿਹਾ ਹੈ। ਇਥੇ ਜ਼ਿਕਰਯੋਗ ਹੈ ਕਿ ਪਹਿਲਾਂ ਐਪ ਰਾਹੀਂ ਅਮਰੀਕਾ ਛੱਡਣ ਲਈ 1 ਹਜ਼ਾਰ ਡਾਲਰ ਦਿੱਤਾ ਜਾਂਦਾ ਸੀ।
ਸੰਘੀ ਸਰਕਾਰ ਨੇ ਸਵੈ-ਇੱਛਾ ਦੇਸ਼ ਨਿਕਾਲੇ ਨੂੰ ਉਤਸ਼ਾਹਿਤ ਕਰਨ ਲਈ 200 ਮਿਲੀਅਨ ਡਾਲਰ ਰੱਖਿਆ ਹੈ ਅਤੇ ਇਸ ਦੇ ਲਈ ਵੱਡੀ ਗਿਣਤੀ ਵਿਚ ਅਰਜ਼ੀਆਂ ਪ੍ਰਾਪਤ ਹੋ ਰਹੀਆਂ ਹਨ।