#INDIA

ਅਮਰੀਕਾ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਕੀਤੀ ਨਾਕਾਮ; London ਆਧਾਰਿਤ ਰੋਜ਼ਨਾਮਚੇ ਵੱਲੋਂ ਰਿਪੋਰਟ ‘ਚ ਦਾਅਵਾ

-ਸਾਜ਼ਿਸ਼ਘਾੜਿਆਂ ਖਿਲਾਫ਼ ਡਿਸਟ੍ਰਿਕਟ ਕੋਰਟ ‘ਚ ਦੋਸ਼-ਪੱਤਰ ਵੀ ਦਾਖ਼ਲ
ਨਵੀਂ ਦਿੱਲੀ, 23 ਨਵੰਬਰ (ਪੰਜਾਬ ਮੇਲ)- ਯੂ.ਕੇ. ਮੀਡੀਆ ਦੀ ਮੰਨੀਏ ਤਾਂ ਅਮਰੀਕੀ ਅਥਾਰਿਟੀਜ਼ ਨੇ ਖਾਲਿਸਤਾਨੀ ਵੱਖਵਾਦੀ ਤੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸ.ਐੈੱਫ.ਜੇ.) ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਨਾਕਾਮ ਕੀਤੀ ਸੀ। ਬਰਤਾਨਵੀ ਮੀਡੀਆ ਨੇ ਕਿਹਾ ਕਿ ਜੂਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਫੇਰੀ ਮਗਰੋਂ ਅਮਰੀਕਾ ਨੇ ਇਸ ਕਥਿਤ ਸਾਜ਼ਿਸ਼ ਨੂੰ ਲੈ ਕੇ ਭਾਰਤ ਕੋਲ ਆਪਣਾ ਵਿਰੋਧ ਦਰਜ ਕਰਵਾਇਆ ਸੀ।
ਇਹ ਦੋਸ਼ ਅਜਿਹੇ ਮੌਕੇ ਸਾਹਮਣੇ ਆਏ ਹਨ, ਜਦੋਂ ਭਾਰਤ ਨੇ ਅਮਰੀਕਾ ਨਾਲ ਮੰਤਰੀ ਪੱਧਰ ਦੀ 2+2 ਬੈਠਕ ਕੀਤੀ ਹੈ ਤੇ ਅਗਲੇ ਕੁਝ ਮਹੀਨਿਆਂ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਜਾਪਾਨ ਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀਆਂ ਨੇ ‘ਕੁਆਡ’ ਆਗੂਆਂ ਦੀ ਸਿਖਰ ਵਾਰਤਾ ਲਈ ਭਾਰਤ ਆਉਣਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਕੂਟਨੀਤਿਕ ਪੱਧਰ ‘ਤੇ ਇਤਰਾਜ਼ ਜਤਾਉਣ ਦੇ ਨਾਲ ਸਰਕਾਰੀ ਵਕੀਲਾਂ ਨੇ ਪੰਨੂ ਦੇ ਕਤਲ ਦੀ ਯੋਜਨਾ ‘ਚ ਸ਼ਾਮਲ ਇਕ ਸਾਜ਼ਿਸ਼ਘਾੜੇ ਖਿਲਾਫ਼ ਡਿਸਟ੍ਰਿਕਟ ਕੋਰਟ ਵਿਚ ਸੀਲਬੰਦ ਦੋਸ਼-ਪੱਤਰ ਵੀ ਦਾਖ਼ਲ ਕੀਤਾ ਹੈ। ਹਾਲਾਂਕਿ ਅਮਰੀਕਾ ਦਾ ਨਿਆਂ ਵਿਭਾਗ ਦੋਸ਼ ਜਨਤਕ ਕੀਤੇ ਜਾਣ ਨੂੰ ਲੈ ਕੇ ਦੁਚਿੱਤੀ ਵਿਚ ਹੈ। ਅਮਰੀਕਾ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਦੋਸ਼ ਜਨਤਕ ਕਰੇ ਜਾਂ ਫਿਰ ਉਸ ਨੂੰ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਹੱਤਿਆ ਮਾਮਲੇ ਵਿਚ ਕੈਨੇਡਾ ਵੱਲੋਂ ਵਿੱਢੀ ਜਾਂਚ ਪੂਰੀ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ।
ਰਿਪੋਰਟ ਦਾਅਵਾ ਕਰਦੀ ਹੈ ਕਿ ਦੋਸ਼-ਪੱਤਰ ਵਿਚ ਜਿਨ੍ਹਾਂ ਵਿਅਕਤੀਆਂ ਦੇ ਨਾਂ ਸ਼ਾਮਲ ਹਨ, ਉਨ੍ਹਾਂ ਵਿਚੋਂ ਇਕ ਅਮਰੀਕਾ ਛੱਡ ਕੇ ਜਾ ਚੁੱਕਾ ਹੈ, ਪਰ ਇਸ ਵਿਚ ਹੋਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਅਮਰੀਕੀ ਨਿਆਂ ਵਿਭਾਗ, ਸੰਘੀ ਜਾਂਚ ਏਜੰਸੀ (ਐੱਫ.ਬੀ.ਆਈ.) ਤੇ ਕੌਮੀ ਸੁਰੱਖਿਆ ਕੌਂਸਲ (ਐੱਨ.ਐੱਸ.ਸੀ.) ਨੇ ਅਜੇ ਤੱਕ ਇਨ੍ਹਾਂ ਦਾਅਵਿਆਂ ਬਾਰੇ ਅਧਿਕਾਰਤ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਲੰਡਨ ਆਧਾਰਿਤ ਰੋਜ਼ਨਾਮਚੇ ‘ਚ ਅਣਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਲਾਏ ਦੋਸ਼ਾਂ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਪੰਨੂ ਹਾਲ ਹੀ ਵਿਚ ਉਦੋਂ ਸੁਰਖੀਆਂ ਵਿਚ ਆਇਆ ਸੀ, ਜਦੋਂ ਉਸ ਨੇ ਇਕ ਵੀਡੀਓ ਸੁਨੇਹੇ ਵਿਚ ਸਿੱਖ ਯਾਤਰੀਆਂ ਨੂੰ ‘ਏਅਰ ਇੰਡੀਆ’ ਦੀਆਂ ਉਡਾਣਾਂ ਵਿਚ ਸਫ਼ਰ ਨਾ ਕਰਨ ਦੀ ਚਿਤਾਵਨੀ ਦਿੱਤੀ ਸੀ। ਪੰਨੂ ਨੇ ਕਿਹਾ ਸੀ ਕਿ ਏਅਰ ਇੰਡੀਆ ਰਾਹੀਂ ਸਫ਼ਰ ਨਾਲ ਜਾਨ ਵੀ ਜਾ ਸਕਦੀ ਹੈ। ਇਸ ਧਮਕੀ ਮਗਰੋਂ ਐੱਨ.ਆਈ.ਏ. ਨੇ ਪਿਛਲੇ ਦਿਨੀਂ ਪੰਨੂ ਖਿਲਾਫ਼ ਕੇਸ ਦਰਜ ਕੀਤਾ ਹੈ। ਉਧਰ ਭਾਰਤ ਵਿਚਲੀ ਅਮਰੀਕੀ ਅੰਬੈਸੀ ਨੇ ਕਿਹਾ, ”ਅਸੀਂ ਕਾਨੂੰਨ ਏਜੰਸੀਆਂ ਨਾਲ ਜੁੜੇ ਮਸਲਿਆਂ ਜਾਂ ਸਾਡੇ ਭਾਈਵਾਲਾਂ ਨਾਲ ਜਾਰੀ ਖੁਫੀਆ ਗੱਲਬਾਤ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ।”

ਮੀਡੀਆ ਵੱਲੋਂ ਸੰਪਰਕ ਕਰਨ ‘ਤੇ ਗੁਰਪਤਵੰਤ ਪੰਨੂ ਨੇ ਕਿਹਾ, ”ਜੇ ਕਿਸੇ ਅਮਰੀਕੀ ਨਾਗਰਿਕ ਨੂੰ ਅਮਰੀਕੀ ਸਰਜ਼ਮੀਨ ‘ਤੇ ਕੋਈ ਵੰਗਾਰ ਦਰਪੇਸ਼ ਹੈ, ਤਾਂ ਫਿਰ ਇਹ ਅਮਰੀਕਾ ਦੀ ਪ੍ਰਭੂਸੱਤਾ ਲਈ ਚੁਣੌਤੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਾਇਡਨ ਪ੍ਰਸ਼ਾਸਨ ਅਜਿਹੀ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ।” ਪੰਨੂ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਅਮਰੀਕੀ ਸਰਕਾਰ ਜਵਾਬ ਦੇਵੇ।

ਅਮਰੀਕਾ ਤੋਂ ਮਿਲੀ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ : ਭਾਰਤ
ਨਵੀਂ ਦਿੱਲੀ: ਭਾਰਤ ਨੇ ਕਿਹਾ ਕਿ ਉਹ ਸੁਰੱਖਿਆ ਨਾਲ ਜੁੜੇ ਮਸਲਿਆਂ ‘ਤੇ ਅਮਰੀਕਾ ਵੱਲੋਂ ਮਿਲਦੀ ਜਾਣਕਾਰੀ ਨੂੰ ਸੰਜੀਦਗੀ ਨਾਲ ਲੈਂਦਾ ਹੈ ਕਿਉਂਕਿ ਇਹ ਉਸ ਦੀ ਆਪਣੀ ਕੌਮੀ ਸੁਰੱਖਿਆ ਨਾਲ ਜੁੜੇ ਫਿਕਰਾਂ ‘ਤੇ ਵੀ ਅਸਰ ਪਾਉਂਦੇ ਹਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ, ”ਭਾਰਤ-ਅਮਰੀਕਾ ਰੱਖਿਆ ਸਹਿਯੋਗ ਬਾਰੇ ਹਾਲੀਆ ਵਿਚਾਰ ਚਰਚਾ ਦੌਰਾਨ ਅਮਰੀਕਾ ਨੇ ਜਥੇਬੰਦਕ ਅਪਰਾਧ, ਗੰਨ ਰਨਰਜ਼, ਦਹਿਸ਼ਤਗਰਦਾਂ ਤੇ ਹੋਰਨਾਂ ਵਿਚਲੇ ਗੱਠਜੋੜ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।” ਤਰਜਮਾਨ ਨੇ ਕਿਹਾ ਕਿ ਇਹ ਜਾਣਕਾਰੀ ਦੋਵਾਂ ਮੁਲਕਾਂ ਲਈ ਵੱਡੀ ਫਿਕਰਮੰਦੀ ਦਾ ਵਿਸ਼ਾ ਹੈ ਤੇ ਉਨ੍ਹਾਂ ਲੋੜੀਂਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਬਾਗਚੀ ਨੇ ਕਿਹਾ, ”ਭਾਰਤ ਆਪਣੇ ਵੱਲੋਂ ਅਜਿਹੀਆਂ ਜਾਣਕਾਰੀਆਂ ਨੂੰ ਸੰਜੀਦਗੀ ਨਾਲ ਲੈਂਦਾ ਹੈ ਤੇ ਸਬੰਧਤ ਵਿਭਾਗਾਂ ਵੱਲੋਂ ਪਹਿਲਾਂ ਹੀ ਇਸ ਦੀ ਪੜਚੋਲ ਸ਼ੁਰੂ ਕਰ ਦਿੱਤੀ ਗਈ ਹੈ।”