-ਸਾਰੇ ਬਿਨੈਕਾਰਾਂ ਨੂੰ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਨਿੱਜਤਾ ‘ਸੈਟਿੰਗਜ਼’ ਜਨਤਕ (ਪਬਲਿਕ) ਰੱਖਣ ਲਈ ਕਿਹਾ
ਵਾਸ਼ਿੰਗਟਨ, 5 ਦਸੰਬਰ (ਪੰਜਾਬ ਮੇਲ)- ਅਮਰੀਕੀ ਸਰਕਾਰ ਨੇ ਐੱਚ-1ਬੀ ਵੀਜ਼ਾ ਬਿਨੈਕਾਰਾਂ ਅਤੇ ਉਨ੍ਹਾਂ ‘ਤੇ ਨਿਰਭਰ ਐੱਚ-4 ਵੀਜ਼ਾ ਧਾਰਕਾਂ ਲਈ ਜਾਂਚ ਤੇ ਤਸਦੀਕ ਪ੍ਰਕਿਰਿਆਵਾਂ ਨੂੰ ਸਖ਼ਤ ਕਰ ਦਿੱਤਾ ਹੈ। ਨਵੇਂ ਨਿਰਦੇਸ਼ਾਂ ਤਹਿਤ, ਸਾਰੇ ਬਿਨੈਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਨਿੱਜਤਾ ‘ਸੈਟਿੰਗਜ਼’ ਜਨਤਕ (ਪਬਲਿਕ) ਰੱਖਣ ਲਈ ਕਿਹਾ ਗਿਆ ਹੈ।
ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਕੀਤੇ ਨਵੇਂ ਆਦੇਸ਼ ਵਿੱਚ ਕਿਹਾ ਕਿ 15 ਦਸੰਬਰ ਤੋਂ ਸਾਰੇ ਐੱਚ-1ਬੀ ਬਿਨੈਕਾਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਆਨਲਾਈਨ ਮੌਜੂਦਗੀ ਦੀ ਸਮੀਖਿਆ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ, ਵਿਦਿਆਰਥੀ ਵੀਜ਼ਾ (ਐੱਫ, ਐੱਮ) ਅਤੇ ‘ਐਕਸਚੇਂਜ ਵਿਜ਼ੀਟਰ’ ਵੀਜ਼ਾ (ਜੇ ਵੀਜ਼ਾ) ਪਹਿਲਾਂ ਹੀ ਅਜਿਹੀ ਜਾਂਚ ਦੇ ਘੇਰੇ ‘ਚ ਸਨ। ਹੁਣ ਇਸ ਜਾਂਚ ਦਾ ਦਾਇਰਾ ਐੱਚ-1ਬੀ ਅਤੇ ਐੱਚ-4 ਵੀਜ਼ਾ ਤੱਕ ਵਧਾ ਦਿੱਤਾ ਗਿਆ ਹੈ। ਵਿਦੇਸ਼ ਵਿਭਾਗ ਨੇ ਇਸ ਜਾਂਚ ਨੂੰ ਸੁਖਾਲਾ ਬਣਾਉਣ ਲਈ ਸਾਰੇ ਐੱਚ-1ਬੀ, ਐੱਚ-4, ਐੱਫ, ਐੱਮ ਅਤੇ ਜੇ ਵੀਜ਼ਾ ਬਿਨੈਕਾਰਾਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਨਿੱਜਤਾ ਸੈਟਿੰਗਜ਼ ਨੂੰ ਪਬਲਿਕ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵਿਭਾਗ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕੀ ਵੀਜ਼ਾ ਕੋਈ ‘ਅਧਿਕਾਰ ਨਹੀਂ, ਸਗੋਂ ਇੱਕ ਵਿਸ਼ੇਸ਼ ਅਧਿਕਾਰ’ ਹੈ। ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਉਪਲਬਧ ਸਾਰੀ ਜਾਣਕਾਰੀ ਦੀ ਵਰਤੋਂ ਕਰਕੇ ਬਿਨੈਕਾਰਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ। ਬਿਆਨ ‘ਚ ਕਿਹਾ ਗਿਆ ਹੈ, ‘ਹਰ ਵੀਜ਼ਾ ਫੈਸਲਾ ਇੱਕ ਰਾਸ਼ਟਰੀ ਸੁਰੱਖਿਆ ਦਾ ਫੈਸਲਾ ਹੈ’।
ਇਹ ਕਦਮ ਟਰੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰਨ ਦੀ ਤਾਜ਼ਾ ਕਾਰਵਾਈ ਹੈ। ਪ੍ਰਸ਼ਾਸਨ ਐੱਚ-1ਬੀ ਵੀਜ਼ਾ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਆਪਕ ਕਾਰਵਾਈ ਕਰ ਰਿਹਾ ਹੈ, ਜਿਸਦੀ ਵਰਤੋਂ ਵੱਡੇ ਪੱਧਰ ‘ਤੇ ਅਮਰੀਕੀ ਤਕਨਾਲੋਜੀ ਕੰਪਨੀਆਂ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ‘ਤੇ ਰੱਖਣ ਲਈ ਕਰਦੀਆਂ ਹਨ। ਭਾਰਤੀ ਪੇਸ਼ੇਵਰ, ਖਾਸ ਕਰਕੇ ਤਕਨਾਲੋਜੀ ਕਰਮੀ ਅਤੇ ਡਾਕਟਰ, ਐੱਚ-1ਬੀ ਵੀਜ਼ਾ ਦੇ ਸਭ ਤੋਂ ਵੱਡੇ ਲਾਭਪਾਤਰੀ ਹਨ।
ਅਮਰੀਕਾ ਨੇ ਐੱਚ-1ਬੀ ਤੇ ਐੱਚ-4 ਵੀਜ਼ਾ ਧਾਰਕਾਂ ਲਈ ਜਾਂਚ ਪ੍ਰਕਿਰਿਆਵਾਂ ਕੀਤੀ ਸਖ਼ਤ

