#AMERICA

ਅਮਰੀਕਾ ਨੂੰ ਬੰਗਲਾਦੇਸ਼ ਵਿਚ ਵਧਦੇ ਕੱਟੜਵਾਦ ਨੂੰ ਲੈ ਕੇ ਗੰਭੀਰ ਚਿੰਤਾ

ਵਾਸ਼ਿੰਗਟਨ, 15 ਨਵੰਬਰ (ਪੰਜਾਬ ਮੇਲ)- ਵ੍ਹਾਈਟ ਹਾਊਸ ਦੇ ਇਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੂੰ ਬੰਗਲਾਦੇਸ਼ ਵਿਚ ਵਧਦੇ ਕੱਟੜਵਾਦ ਨੂੰ ਲੈ ਕੇ ਗੰਭੀਰ ਚਿੰਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇਸ ਨੂੰ ਚੰਗੀ ਤਰ੍ਹਾਂ ਕੰਟਰੋਲ ਕੀਤਾ ਸੀ। ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਬਕਾ ਉਪ ਸਹਾਇਕ ਅਤੇ 2017 ਤੋਂ 2021 ਤੱਕ ਦੱਖਣੀ ਅਤੇ ਮੱਧ ਏਸ਼ੀਆ ਲਈ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਸੀਨੀਅਰ ਡਾਇਰੈਕਟਰ ਵਜੋਂ ਕੰਮ ਕਰਨ ਵਾਲੀ ਲੀਜ਼ਾ ਕਰਟਿਸ ਨੇ ਇਹ ਗੱਲ ਕਹੀ।
ਉਨ੍ਹਾਂ ਨੇ ਵੀਰਵਾਰ ਨੂੰ ਕਿਹਾ, ”ਬੰਗਲਾਦੇਸ਼ ਨਾਜ਼ੁਕ ਮੋੜ ‘ਤੇ ਹੈ। ਸ਼ੇਖ ਹਸੀਨਾ ਨੂੰ ਸੱਤਾ ਤੋਂ ਬੇਦਖਲ ਕਰਨ ਅਤੇ ਰਾਜਨੀਤਿਕ ਪ੍ਰਣਾਲੀ ‘ਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਹੁਤ ਉਮੀਦਾਂ ਹਨ। ਲੋਕਾਂ ਨੂੰ ਉਮੀਦ ਹੈ ਕਿ ਲੋਕਤੰਤਰੀ ਪ੍ਰਕਿਰਿਆ ਮਜ਼ਬੂਤ ਹੋਵੇਗੀ।” ਕਰਟਿਸ ਨੇ ਪੀ.ਟੀ.ਆਈ. ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ, ”ਪਰ ਇਸ ਦੇ ਨਾਲ ਹੀ ਚਿੰਤਾ ਦਾ ਵਿਸ਼ਾ ਵੀ ਹੈ। ਕੁਝ ਇਸਲਾਮੀ ਕੱਟੜਪੰਥੀਆਂ ਨੂੰ ਜੇਲ੍ਹਾਂ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਘੱਟ ਗਿਣਤੀਆਂ, ਹਿੰਦੂਆਂ, ਈਸਾਈਆਂ ‘ਤੇ ਕੁਝ ਸ਼ਿਕੰਜਾ ਕਸਿਆ ਜਾ ਰਿਹਾ ਹੈ।” ਕਰਟਿਸ ਨੇ ਅੱਗੇ ਕਿਹਾ, ”ਅਸੀਂ ਬੰਗਲਾਦੇਸ਼ ‘ਚ ਅੱਤਵਾਦ ਦਾ ਇਤਿਹਾਸ ਦੇਖਿਆ ਹੈ। 2016 ਵਿਚ ਹੋਲੀ (ਆਰਟੀਸਨ) ਬੇਕਰੀ ‘ਤੇ ਹਮਲਾ ਹੋਇਆ ਸੀ। ਇਹ ਬਹੁਤ ਗੰਭੀਰ ਘਟਨਾ ਸੀ।”
ਬੰਗਲਾਦੇਸ਼ ਵਿਚ ਆਈ.ਐੱਸ.ਆਈ.ਐੱਸ. (ਇਸਲਾਮਿਕ ਸਟੇਟ) ਦੇ ਕੁਝ ਅੱਤਵਾਦੀ ਮੌਜੂਦ ਸਨ। ਸ਼ੇਖ ਹਸੀਨਾ ਨੇ ਬੰਗਲਾਦੇਸ਼ ‘ਚ ਕੱਟੜਪੰਥੀ ਸਮੱਸਿਆ ਨੂੰ ਕੰਟਰੋਲ ਕਰਨ ‘ਚ ਚੰਗਾ ਕੰਮ ਕੀਤਾ। ਉਸਨੇ ਕਿਹਾ, ”ਅਸੀਂ ਬੰਗਲਾਦੇਸ਼ ਨੂੰ ਇੱਕ ਨਾਜ਼ੁਕ ਦੌਰ ਵਿਚੋਂ ਗੁਜ਼ਰਦੇ ਦੇਖ ਰਹੇ ਹਾਂ। ਪਰ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਨੂੰ ਉਨ੍ਹਾਂ ਦ ਸਥਿਤੀ ‘ਤੇ ਧਿਆਨ ਰੱਖਣ ਪਵੇਗਾ। ਕਰਟਿਸ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਪ੍ਰਸ਼ਾਸਨ ਨੂੰ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਭਾਰਤ ਵੀ ਬੰਗਲਾਦੇਸ਼ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਅਤੇ ਉਸ ਦਾ ਗੁਆਂਢੀ ਹੋਣ ਕਾਰਨ ਇਹ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ।