#AMERICA

ਅਮਰੀਕਾ ਦੇ ਹਵਾਈ ਟਾਪੂ ‘ਤੇ ਲੱਗੀ ਅੱਗ ਵਿਚ ਸੜਨ ਨਾਲ ਮੌਤਾਂ ਦੀ ਗਿਣਤੀ ਵਧ ਕੇ 53 ਹੋਈ

ਮੌਤਾਂ ਵਧਣ ਦਾ ਖਦਸ਼ਾ -ਗਵਰਨਰ
ਸੈਕਰਾਮੈਂਟੋ, 12 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਹਵਾਈ ਟਾਪੂ ਦੇ ਦੂਸਰੇ ਵੱਡੇ ਸ਼ਹਿਰ ਮਾਊਈ ਵਿਚ ਜੰਗਲ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਤੇ ਹੁਣ ਤੱਕ ਸਰਕਾਰੀ ਤੌਰ ‘ਤੇ 53 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਮੌਤਾਂ ਵਧਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਗਵਰਨਰ ਜੋਸ਼ ਗਰੀਨ ਨੇ ਕਿਹਾ ਹੈ ਕਿ 1959 ‘ਚ ਹਵਾਈ ਦੇ ਸੂਬਾ ਬਣਨ ਤੋਂ ਬਾਅਦ ਮਾਊਈ ਵਿਚ ਲੱਗੀ ਅੱਗ ਸਭ ਤੋਂ ਵਧ ਭਿਆਨਕ ਤੇ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਇਤਿਹਾਸਕ ਕਸਬੇ ਲਾਹੈਨਾ ਸਮੇਤ ਤੱਟੀ ਵੱਸੋਂ ਵੱਡੀ ਪੱਧਰ ਉਪਰ ਪ੍ਰਭਾਵਿਤ ਹੋਈ ਹੈ। ਗਵਰਨਰ ਨੇ 1960 ‘ਚ ਆਈ ਸੁਨਾਮੀ ਦਾ ਹਵਾਲਾ ਦਿੱਤਾ, ਜਿਸ ਨੇ ਇਸ ਵੱਡੇ ਟਾਪੂ ਨੂੰ ਨਿਸ਼ਾਨਾ ਬਣਾਇਆ ਸੀ ਤੇ ਉਸ ਸਮੇਂ 61 ਮੌਤਾਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਮੈਨੂੰ ਡਰ ਹੈ ਕਿ ਮੌਤਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ 1700 ਤੋਂ ਵਧ ਇਮਾਰਾਤ ਸੜ ਕੇ ਸਵਾਹ ਹੋ ਗਈਆਂ ਹਨ। ਗਵਰਨਰ ਨੇ ਕਿਹਾ ਕਿ ਹੁਣ ਲੱਗਦਾ ਹੈ ਕਿ ਅੱਗ ਉਪਰ ਕਾਬੂ ਪਾ ਲਿਆ ਗਿਆ ਹੈ ਪਰੰਤੂ ਲਾਹੈਨਾ ਤੇ ਨਾਲ ਲੱਗਦੇ ਖੇਤਰਾਂ ‘ਚ ਅੱਗ ਅਜੇ ਵੀ ਲੱਗੀ ਹੋਈ ਹੈ। ਗਵਰਨਰ ਨੇ ਕਿਹਾ ਕਿ ਲਾਹੈਨਾ ਦਾ ਸ਼ਾਇਦ ਹੀ ਕੋਈ ਹਿੱਸਾ ਹੀ ਸੜਣ ਤੋਂ ਬਚਿਆ ਹੋਵੇ। ਮਾਊਈ ਕਾਊਂਟੀ ਵਿਚ ਲੱਗੀਆਂ 3 ਥਾਵਾਂ ‘ਤੇ ਅੱਗਾਂ ਵਿਚੋਂ ਟਾਪੂ ਦੇ ਪੱਛਮੀ ਹਿੱਸੇ ਲਾਹੈਨਾ ਵਿਚਲੀ ਅੱਗ ਉਪਰ 80% ਤੱਕ ਕਾਬੂ ਪਾ ਲਿਆ ਗਿਆ ਹੈ, ਜਦਕਿ ਕੇਂਦਰੀ ਮਾਊਈ ‘ਚ ਪੂਲੇਹੂ ਵਿਚ 70% ਅੱਗ ਬੁਝਾ ਲਈ ਗਈ ਹੈ। ਪਹਾੜੀ ਅਪਕਾਊਂਟੀ ਖੇਤਰ ‘ਚ ਲੱਗੀ ਅੱਗ ਸਬੰਧੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਰਾਸ਼ਟਪਤੀ ਜੋਅ ਬਾਇਡਨ ਪਹਿਲਾਂ ਹੀ ਹਵਾਈ ਅੱਗ ਨੂੰ ਪ੍ਰਮੁੱਖ ਦੁਖਾਂਤ ਐਲਾਨ ਕਰ ਚੁੱਕੇ ਹਨ।

Leave a comment