#AMERICA

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਨਹੀਂ ਰਹੇ

ਵਾਸ਼ਿੰਗਟਨ, 30 ਨਵੰਬਰ (ਪੰਜਾਬ ਮੇਲ)-ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਜਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਉਹ 100 ਸਾਲ ਦੇ ਸਨ। ਕਿਸਿੰਜਰ ਦੀ ਸਲਾਹਕਾਰ ਕੰਪਨੀ ‘ਕਿਸਿੰਜਰ ਐਸੋਸੀਏਟਸ’ ਨੇ ਇਹ ਜਾਣਕਾਰੀ ਦਿੱਤੀ ਹੈ। ਕਿਸਿੰਜਰ ਨੇ ਦੋ ਅਮਰੀਕੀ ਰਾਸ਼ਟਰਪਤੀਆਂ ਰਿਚਰਡ ਨਿਕਸਨ ਅਤੇ ਗੇਰਾਲਡ ਫੋਰਡ ਦੇ ਕਾਰਜਕਾਲ ਦੌਰਾਨ ਸੇਵਾ ਕੀਤੀ। 1969 ਵਿਚ ਉਸ ਸਮੇਂ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਉਨ੍ਹਾਂ ਨੂੰ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ। ਇਹ ਅਜਿਹਾ ਅਹੁਦਾ ਸੀ, ਜਿਸ ਨੇ ਉਨ੍ਹਾਂ ਨੂੰ ਅਮਰੀਕੀ ਵਿਦੇਸ਼ ਨੀਤੀ ‘ਤੇ ਡੂੰਘੀ ਪਕੜ ਦਿੱਤੀ ਸੀ। ਉਨ੍ਹਾਂ ਵੀਅਤਨਾਮ ਯੁੱਧ ਨੂੰ ਖਤਮ ਕਰਨ ਅਤੇ ਚੀਨ ਅਤੇ ਅਮਰੀਕਾ ਦੇ ਸਬੰਧਾਂ ਨੂੰ ਸੁਧਾਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਸਾਲ 1973 ਵਿਚ ਉਨ੍ਹਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।