#AMERICA

ਅਮਰੀਕਾ ਦੇ ਰਾਜਦੂਤ ਤਰਨਜੀਤ ਸੰਧੂ ਅੰਮ੍ਰਿਤਸਰ ਤੋਂ ਲੜ ਸਕਦੇ ਨੇ ਚੋਣ

ਸੈਕਰਾਮੈਂਟੋ, 24 ਜਨਵਰੀ (ਪੰਜਾਬ ਮੇਲ)-ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ 31 ਜਨਵਰੀ ਨੂੰ ਭਾਰਤੀ ਵਿਦੇਸ਼ ਸੇਵਾ ਤੋਂ ਸੇਵਾਮੁਕਤ ਹੋ ਰਹੇ ਹਨ। ਉਹ 35 ਸਾਲ ਵਿਦੇਸ਼ ਵਿਭਾਗ ਵਿਚ ਸੇਵਾ ਕਰਨ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਜਾ ਰਹੇ ਹਨ।
ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਤਰਨਜੀਤ ਸਿੰਘ ਸੰਧੂ ਹੁਣ ਰਾਜਨੀਤੀ ਵਿਚ ਆਪਣੀ ਕਿਮਸਤ ਅਜਮਾ ਸਕਦੇ ਹਨ। ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਤਰਨਜੀਤ ਸੰਧੂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਾਫੀ ਨੇੜਤਾ ਰਹੀ ਹੈ।
ਸ. ਸੰਧੂ ਨੇ ਅਮਰੀਕਾ ਅਤੇ ਭਾਰਤ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਵਿਚ ਕਾਫੀ ਅਹਿਮ ਯੋਗਦਾਨ ਪਾਇਆ ਹੈ, ਜਿਸ ਕਰਕੇ ਭਾਰਤੀ ਜਨਤਾ ਪਾਰਟੀ ਇਹ ਚਾਹੁੰਦੀ ਹੈ ਕਿ ਸ. ਸੰਧੂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਅੰਮ੍ਰਿਤਸਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾਵੇ। ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਆਪਣਾ ਵਜੂਦ ਦੁਬਾਰਾ ਹਾਸਲ ਕਰਨ ਲਈ ਇਸ ਵਾਰ ਚੋਟੀ ਦੇ ਉਮੀਦਵਾਰ ਮੈਦਾਨ ਵਿਚ ਉਤਾਰੇਗੀ, ਤਾਂ ਕਿ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿਚ ਇਥੋਂ ਕਾਮਯਾਬੀ ਮਿਲ ਸਕੇ।
ਤਰਨਜੀਤ ਸਿੰਘ ਸੰਧੂ ਦੇ ਬਜ਼ੁਰਗਾਂ ਨੇ ਅੰਮ੍ਰਿਤਸਰ ‘ਚ ਰਹਿੰਦਿਆਂ ਸਿੱਖ ਰਾਜਨੀਤੀ ਵਿਚ ਕਾਫੀ ਮਹੱਤਵਪੂਰਨ ਰੋਲ ਅਦਾ ਕੀਤੇ ਸਨ। ਸਮੁੰਦਰੀ ਪਰਿਵਾਰ ਦੀ ਪੰਥਕ ਹਲਕਿਆਂ ਵਿਚ ਵੀ ਕਾਫੀ ਵੱਡੀ ਦੇਣ ਹੈ। ਜੇ ਤਰਨਜੀਤ ਸਿੰਘ ਸੰਧੂ ਇਥੋਂ ਚੋਣ ਲੜਦੇ ਹਨ, ਤਾਂ ਹਿੰਦੂ ਵੋਟ ਦੇ ਨਾਲ-ਨਾਲ ਉਹ ਸਿੱਖ ਵੋਟਾਂ ਲਿਜਾਣ ਵਿਚ ਵੀ ਕਾਮਯਾਬ ਹੋ ਸਕਦੇ ਹਨ। ਬਾਕੀ ਭਾਰਤੀ ਜਨਤਾ ਪਾਰਟੀ ਨੇ ਇਸ ਸੰਬੰਧੀ ਹਾਲੇ ਆਪਣਾ ਫੈਸਲਾ ਲੈਣਾ ਹੈ।