ਸੈਕਰਾਮੈਂਟੋ, 3 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਸਾਲ ਤੋਂ ਵਧ ਸਮਾਂ ਪਹਿਲਾਂ ਅਮਰੀਕਾ ਦੇ ਮੇਨੇ ਰਾਜ ਵਿਚ ਵੈਸਟ ਬਾਥ ਵਿਖੇ ਆਪਣੇ ਮਾਤਾ-ਪਿਤਾ ਤੇ ਉਨ੍ਹਾਂ ਦੇ 2 ਦੋਸਤਾਂ ਦੀ ਹੱਤਿਆ ਕਰਨ ਅਤੇ 3 ਹੋਰਨਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਜੋਸਫ ਈਟੋਨ ਨੂੰ ਜੱਜ ਨੇ ਉਮਰ ਭਰ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ। ਜੱਜ ਨੇ ਜੋਸਫ ਈਟੋਨ ਵੱਲੋਂ ਅਦਾਲਤ ਵਿਚ ਆਪਣਾ ਗੁਨਾਹ ਮੰਨ ਲੈਣ ਉਪਰੰਤ ਸਜ਼ਾ ਸੁਣਾਈ। ਜੋਸਫ ਈਟੋਨ ਨੇ ਨਾ ਲਾਅ ਇਨਫੋਰਸਮੈਂਟ ਅਧਿਕਾਰੀਆਂ ਤੇ ਨਾ ਹੀ ਅਦਾਲਤ ਵਿਚ ਮੌਜੂਦ ਮ੍ਰਿਤਕਾਂ ਦੇ ਸਕੇ ਸਬੰਧੀਆਂ ਤੇ ਦੋਸਤਾਂ ਨੂੰ ਹੱਤਿਆਵਾਂ ਦਾ ਕਾਰਨ ਨਹੀਂ ਦੱਸਿਆ। ਅਪ੍ਰੈਲ 2023 ਵਿਚ ਵਾਪਰੀ ਇਸ ਘਟਨਾ ਵਿਚ ਜ਼ਖਮੀ ਹੋਈ ਇਕ ਔਰਤ ਨੇ ਇਕ ਲਿਖਤੀ ਗਵਾਹੀ ‘ਚ ਘਟਨਾ ਦਾ ਪੂਰਾ ਵੇਰਵਾ ਦੱਸਿਆ ਹੈ। ਘਟਨਾ ਵਿਚ ਗੋਲੀ ਵੱਜਣ ਕਾਰਨ ਜ਼ਖਮੀ ਹੋਈ ਇਕ ਔਰਤ ਦੇ ਪਿਤਾ ਨੇ ਵੀ ਆਪਣੇ ਲਿਖਤੀ ਬਿਆਨ ਵਿਚ ਜੋਸਫ ਈਟੋਨ ਵੱਲੋਂ ਕੀਤੀ ਹਿੰਸਾ ਬਾਰੇ ਵਿਸਥਾਰ ਪੂਰਵਕ ਦੱਸਿਆ ਹੈ। ਇਸ ਤੋਂ ਇਲਾਵਾ ਹੋਰ ਗਵਾਹੀਆਂ ਵੀ ਈਟੋਨ ਦੇ ਵਿਰੁੱਧ ਭੱਗਤੀਆਂ ਹਨ।