#AMERICA

ਅਮਰੀਕਾ ਦੇ ਫਲੋਰਿਡਾ ਰਾਜ ਵਿਚ ਹੋਈ ਗੋਲੀਬਾਰੀ ਵਿੱਚ ਇਕ ਪੁਲਿਸ ਅਫਸਰ ਦੀ ਮੌਤ

 2 ਹੋਰ ਜ਼ਖਮੀ * ਦੋ ਸ਼ੱਕੀ ਵੀ ਮਾਰੇ ਗਏ

ਸੈਕਰਾਮੈਂਟੋ, ਕੈਲੀਫੋਰਨੀਆ, 5 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੇਂਦਰੀ ਫਲੋਰਿਡਾ ਰਾਜ ਵਿਚ ਇਕ ਘਰ ਵਿੱਚ ਕੁਝ ਗੜਬੜ ਹੋਣ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਉਪਰ ਕੀਤੇ ਘਾਤ ਲਾ ਕੇ ਹਮਲੇ ਵਿੱਚ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਲੇਕ ਕਾਊਂਟੀ ਸ਼ੈਰਿਫ ਪੇਟੋਨ ਗ੍ਰਿਨੈਲ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਉਨਾਂ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਰਾਤ 8 ਵਜੇ ਦੇ ਆਸ ਪਾਸ ਓਰੋਲੈਂਡ ਦੇ ਉੱਤਰ ਵਿਚ 40 ਮੀਲ ਦੂਰ ਈਉਸਟਿਸ ਵਿਖੇ ਇਕ ਘਰ ਵਿਚ ਵਾਪਰੀ। ਗ੍ਰਿਨੈਲ ਅਨੁਸਾਰ ਇਕ ਘਰ ਵਿਚ ਗੜਬੜ ਹੋਣ ਦੀ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਅਫਸਰ ਮੌਕੇ ਉਪਰ ਪੁੱਜੇ ਤਾਂ ਉਥੇ ਮੌਜੂਦ ਕਿਸੇ ਵਿਅਕਤੀ ਨੇ ਕਿਹਾ ਕਿ ਜਿਸ ਘਰ ਵਿਚ ਗੜਬੜ ਹੋਈ ਹੈ, ਉਹ ਹੋਰ ਹੈ। ਜਦੋਂ ਲੇਕ ਕਾਊਂਟੀ ਦੇ ਪੁਲਿਸ ਅਫਸਰ ਦੂਸਰੇ ਘਰ ਪੁੱਜੇ ਤਾਂ ਘਰ ਦੇ ਅੰਦਰ ਹੰਗਾਮਾ ਹੋ ਰਿਹਾ ਸੀ। ਪੁਲਿਸ ਅਫਸਰ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਏ ਤਾਂ ਉਨਾਂ ਨੂੰ ਅਗਿਊਂ ਗੋਲੀਆਂ ਦਾ ਸਾਹਮਣਾ ਕਰਨਾ ਪਿਆ। ਇਕ ਪੁਲਿਸ ਅਫਸਰ ਅੰਦਰ ਹੀ ਫਸ ਗਿਆ ਜਦ ਕਿ ਇਕ ਹੋਰ ਬਾਹਰ ਆਉਣ ਵਿੱਚ ਸਫਲ ਹੋ ਗਿਆ। ਸ਼ੈਰਿਫ ਨੇ ਕਿਹਾ ਕਿ ਇਸ ਦੌਰਾਨ ਹੋਰ ਪੁਲਿਸ ਅਫਸਰ ਮੌਕੇ ‘ਤੇ ਪਹੁੰਚ ਗਏ। ਜਦੋਂ ਉਹ ਅੰਦਰ ਫਸੇ ਪੁਲਿਸ ਅਫਸਰ ਨੂੰ ਬਚਾਉਣ ਲਈ ਅੱਗੇ ਵਧੇ ਤਾਂ ਉਨਾਂ ਉਪਰ ਵੀ ਗੋਲੀਆਂ ਚਲਾਈਆਂ ਗਈਆਂ। ਪੁਲਿਸ ਅਫਸਰਾਂ ਵੱਲੋਂ ਜਵਾਬੀ ਕਾਰਵਾਈ ਵਿਚ ਅੰਦਰ ਮੌਜੂਦ ਦੋ ਸ਼ੱਕੀਆਂ ਦੀ ਮੌਤ ਗਈ ਜਦ ਕਿ ਇਕ ਜ਼ਖਮੀ ਹੋ ਗਿਆ ਜਿਸ ਨੂੰ ਖੇਤਰ ਵਿਚਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸ਼ੈਰਿਫ ਅਨੁਸਾਰ ਅੰਦਰ ਫੱਸਿਆ ਪੁਲਿਸ ਅਫਸਰ ਵੀ ਦਮ ਤੋੜ ਗਿਆ ਜਦ ਕਿ ਇਕ ਹੋਰ ਪੁਲਿਸ ਅਫਸਰ ਵੀ ਗੋਲੀ ਵੱਜਣ ਕਾਰਨ ਜ਼ਖਮੀ ਹੋਇਆ ਹੈ। ਪੁਲਿਸ ਨੇ ਮਾਰੇ ਗਏ ਤੇ ਜ਼ਖਮੀ ਹੋਏ ਪੁਲਿਸ ਅਫਸਰ ਦਾ ਨਾਂ ਜਾਰੀ ਨਹੀਂ ਕੀਤਾ ਹੈ ਤੇ ਨਾ ਹੀ ਮਾਰੇ ਗਏ ਸ਼ੱਕੀ ਵਿਅਕਤੀਆਂ ਦੇ ਨਾਂ ਦੱਸੇ ਹਨ। ਸ਼ੈਰਿਫ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਇਸ ਵਾਪਰੀ ਗੋਲੀਬਾਰੀ ਦੀ ਘਟਨਾ ਬਾਰੇ ਅਜੇ ਉਹ ਹੋਰ ਕੁਝ ਨਹੀਂ ਜਾਣਦੇ।