ਪਰਿਵਾਰਕ ਬਿਨੈਕਾਰਾਂ ‘ਚ ਪਾਇਆ ਜਾ ਰਿਹੈ ਰੋਸ
ਵਾਸ਼ਿੰਗਟਨ ਡੀ.ਸੀ., 21 ਅਗਸਤ (ਪੰਜਾਬ ਮੇਲ)- ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਆਪਣਾ ਨਵਾਂ ਵੀਜ਼ਾ ਬੁਲੇਟਿਨ ਪੇਸ਼ ਕੀਤਾ ਗਿਆ ਹੈ, ਜਿਸ ਅਨੁਸਾਰ ਪਰਿਵਾਰਕ ਵੀਜ਼ਿਆਂ ਵਿਚ ਬਿਲਕੁਲ ਮਾਮੂਲੀ ਹਿੱਲਜੁੱਲ ਹੋਈ ਹੈ। ਜਿਸ ਕਰਕੇ ਬਿਨੈਕਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਬਾਲਗ ਅਮਰੀਕੀ ਨਾਗਰਿਕਾਂ ਦੇ ਭੈਣ-ਭਰਾ F-4 ਸ਼੍ਰੇਣੀ ਅਧੀਨ ਆਉਂਦੇ ਹਨ। ਭਾਰਤੀਆਂ ਲਈ ਉਨ੍ਹਾਂ ਦਾ ਸਟੇਟਸ ਅਤੇ ਵੀਜ਼ਾ ਕੱਟ-ਆਫ ਮਿਤੀ ਪਿਛਲੇ ਮਹੀਨੇ ਵਾਂਗ 15 ਜੂਨ, 2006 ਹੀ ਦਰਸਾਈ ਗਈ ਹੈ। ਯਾਨੀ ਕਿ ਇਸ ਵਿਚ ਕੋਈ ਹਿੱਲਜੁੱਲ ਨਹੀਂ ਹੋਈ। ਇਸੇ ਤਰ੍ਹਾਂ ਅਮਰੀਕੀ ਨਾਗਰਿਕਾਂ ਦੇ ਵਿਆਹੇ ਪੁੱਤਰ ਅਤੇ ਧੀਆਂ ਦੀ ਕੱਟ-ਆਫ ਮਿਤੀ 1 ਜਨਵਰੀ, 2011 ਵਾਂਗ ਹੀ ਰਹੇਗੀ। ਪਰਿਵਾਰ ਆਧਾਰਿਤ ਤਰਜੀਹੀ ਸ਼੍ਰੇਣੀ F-2B, ਯਾਨੀ ਕਿ ਅਮਰੀਕੀ ਨਿਵਾਸੀਆਂ ਦੇ ਅਣਵਿਆਹੇ ਪੁੱਤਰ ਅਤੇ ਧੀਆਂ, ਜਿਨ੍ਹਾਂ ਦੀ ਉਮਰ 21 ਸਾਲ ਹੈ, ਉਨ੍ਹਾਂ ਲਈ ਇੰਡੀਆ ਵੀਜ਼ਾ ਕੱਟ-ਆਫ ਮਿਤੀ 1 ਜਨਵਰੀ, 2017 ਹੀ ਰਹੇਗੀ।
ਇਸੇ ਤਰ੍ਹਾਂ F-2A ਪੱਕੇ ਨਿਵਾਸੀਆਂ ਦੇ ਜੀਵਨ ਸਾਥੀ ਅਤੇ ਬੱਚੇ ਲਈ ਇੰਡੀਆ ਵੀਜ਼ਾ ਕੱਟ-ਆਫ ਮਿਤੀ 15 ਜੂਨ, 2024 ਵਾਂਗ ਹੀ ਰਹੇਗੀ। ਅਮਰੀਕੀ ਨਾਗਰਿਕਾਂ ਦੇ ਅਣਵਿਆਹੇ ਪੁੱਤਰ ਅਤੇ ਧੀਆਂ F-1 ਕੈਟਾਗਿਰੀ ਅਧੀਨ ਆਉਂਦੇ ਹਨ। ਉਨ੍ਹਾਂ ਦੀ ਵੀਜ਼ਾ ਕੱਟ-ਆਫ ਮਿਤੀ 1 ਸਤੰਬਰ, 2017 ਵਾਂਗ ਹੀ ਰਹੇਗੀ। ਇਹ ਵੇਰਵਾ ਦਰਸਾਉਂਦਾ ਹੈ ਕਿ ਜੁਲਾਈ ਅਤੇ ਅਗਸਤ 2024 ਲਈ ਜਿੱਥੇ ਵੀਜ਼ਾ ਬੁਲੇਟਿਨਾਂ ਵਿਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਸੀ, ਉਸ ਦੇ ਉਲਟ ਸਤੰਬਰ ਵੀਜ਼ਾ ਬੁਲੇਟਿਨ ਵਿਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਹੋਈ ਹੈ।