#AMERICA

ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਬਣੇ ਪੀਟ ਹੇਗਸੇਥ

ਵਾਸ਼ਿੰਗਟਨ, 25 ਜਨਵਰੀ (ਪੰਜਾਬ ਮੇਲ)-  ਅਮਰੀਕਾ ਵਿੱਚ ਟਰੰਪ ਸਰਕਾਰ ਦੇ ਆਉਣ ਤੋਂ ਬਾਅਦ ਵਿਭਾਗਾਂ ਦੀ ਜ਼ਿੰਮੇਵਾਰੀ ਨਵੇਂ ਲੋਕਾਂ ਨੂੰ ਸੌਂਪੀ ਜਾ ਰਹੀ ਹੈ। ਇਸ ਕ੍ਰਮ ਵਿਚ, ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਪੀਟ ਹੇਗਸੇਥ ਨੂੰ ਸੌਂਪ ਦਿੱਤੀ ਗਈ ਹੈ। ਇਹ ਉਹੀ ਹੇਗਸੇਥ ਹਨ, ਜਿਨ੍ਹਾਂ ਨੇ ਆਪਣੇ ਖਿਲਾਫ ਕਈ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਸੀ ਕਿ ਮੈਂ ਪਰਫੈਕਟ ਵਿਅਕਤੀ ਨਹੀਂ ਹਾਂ। ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ ਸ਼ੁੱਕਰਵਾਰ ਦੇਰ ਰਾਤ ਵੋਟਿੰਗ ਤੋਂ ਬਾਅਦ ਪੀਟ ਹੇਗਸੇਥ ਨੂੰ ਅਮਰੀਕੀ ਰੱਖਿਆ ਮੰਤਰੀ ਵਜੋਂ ਮਨਜ਼ੂਰੀ ਦੇ ਦਿੱਤੀ। ਜ਼ਿਆਦਾ ਸ਼ਰਾਬ ਪੀਣ ਅਤੇ ਔਰਤਾਂ ਪ੍ਰਤੀ ਹਮਲਾਵਰ ਵਿਵਹਾਰ ਦੇ ਦੋਸ਼ਾਂ ਵਿਚਕਾਰ ਰੱਖਿਆ ਮੰਤਰੀ ਬਣਨ ਦੀ ਉਨ੍ਹਾਂ ਦੀ ਯੋਗਤਾ ‘ਤੇ ਸਵਾਲ ਉੱਠ ਰਹੇ ਹਨ।
ਹੇਗਸੇਥ ਦੀ ਨਿਯੁਕਤੀ ਦੇ ਹੱਕ ਵਿਚ 50 ਅਤੇ ਵਿਰੋਧ ਵਿਚ ਵੀ 50 ਵੋਟਾਂ ਪੈਣ ਦੇ ਬਾਅਦ ਫੈਸਲਾ ਟਾਈ ਹੋ ਗਿਆ ਸੀ, ਜਿਸ ਤੋਂ ਬਾਅਦ ਜੇ.ਡੀ. ਵੈਂਸ ਨੇ ‘ਟਾਈਬ੍ਰੇਕਰ’ ਦੇ ਕੇ ਹੇਗਸੇਥ (44) ਦੀ ਨਿਯੁਕਤੀ ‘ਤੇ ਮੋਹਰ ਲਗਵਾ ਦਿੱਤੀ। ਇਸ ਤਰ੍ਹਾਂ ਵੈਂਸ ਦੂਜੇ ਅਮਰੀਕੀ ਉਪ ਰਾਸ਼ਟਰਪਤੀ ਬਣ ਗਏ, ਜਿਨ੍ਹਾਂ ਨੇ ਕਿਸੇ ਕੈਬਨਿਟ ਉਮੀਦਵਾਰ ਦੀ ਨਿਯੁਕਤੀ ਦੀ ਪੁਸ਼ਟੀ ਕਰਨ ਲਈ ”ਟਾਈਬ੍ਰੇਕਰ” ਵੋਟ ਦੀ ਵਰਤੋਂ ਕੀਤੀ। ਇਸ ਤੋਂ ਪਹਿਲਾਂ ਟਰੰਪ ਦੇ ਪਿਛਲੇ ਕਾਰਜਕਾਲ ਵਿਚ ਮਾਈਕ ਪੇਂਸ ਅਜਿਹਾ ਕਰਨ ਵਾਲੇ ਪਹਿਲੇ ਉਪ ਰਾਸ਼ਟਰਪਤੀ ਸਨ, ਜਿਨ੍ਹਾਂ ਨੇ 2017 ਵਿਚ ਸਿੱਖਿਆ ਸਕੱਤਰ ਬੈਸਟੀ ਡੇਵੋਸ ਦੀ ਨਿਯੁਕਤੀ ਦੀ ਪੁਸ਼ਟੀ ਕਰਨ ਲਈ ਫੈਸਲਾਕੁੰਨ ਵੋਟ ਪਾਈ ਸੀ। ਇਸ ਦੌਰਾਨ ਹੇਗਸੇਥ ਆਪਣੇ ਪਰਿਵਾਰ ਨਾਲ ਸੰਸਦ ਭਵਨ ਵਿਚ ਮੌਜੂਦ ਸਨ।